ਤਰਨ ਤਾਰਨ, 4 ਜੂਨ (ਪਰਮਜੀਤ ਜੋਸ਼ੀ)-ਥਾਣਾ ਸਦਰ ਪੱਟੀ ਦੀ ਪੁਲਿਸ ਨੇ ਸਹੁਰਾ ਪਰਿਵਾਰ ਵਲੋਂ ਪੈਸਿਆਂ ਦੀ ਮੰਗ ਨੂੰ ਲੈ ਕੇ ਵਿਆਹੁਤਾ ਨਾਲ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢਣ ਦੇ ਦੋਸ਼ ਹੇਠ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਪੱਟੀ ਵਿਖੇ ਪ੍ਰਭਜੀਤ ਕੌਰ ਪੁੱਤਰੀ ਸੁਖਵੰਤ ਸਿੰਘ ਵਾਸੀ ਠੱਠਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਵਿਆਹ ਗੁਰਵਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਤੇਜਾ ਸਿੰਘ ਵਾਲਾ ਨਾਲ 2017 ਨਾਲ ਹੋਇਆ ਸੀ | ਜਿਨ੍ਹਾਂ ਨੇ ਉਸ ਨੂੰ 2023 ਵਿਚ ਘਰੋਂ ਕੱਢ ਦਿੱਤਾ ਹੈ ਕਿ ਆਪਣੇ ਪਿਤਾ ਕੋਲੋ ਡੇਢ ਲੱਖ ਰੁਪਏ ਲਿਆਉਣ ਲਈ ਕਿਹਾ | ਉਸ ਨੇ 10 ਮਾਰਚ 2023 ਨੂੰ ਪੈਸਿਆਂ ਦਾ ਪ੍ਰਬੰਧ ਕਰਕੇ ਗੁਰਵਿੰਦਰ ਸਿੰਘ, ਜਸਬੀਰ ਸਿੰਘ ਪੁੱਤਰ ਮਹਿੰਦਰ ਸਿੰਘ, ਰਣਜੀਤ ਕੌਰ ਪਤਨੀ ਜਸਬੀਰ ਸਿੰਘ ਵਾਸੀਅਨ ਤੇਜਾ ਸਿੰਘ ਵਾਲਾ ਦੀ ਮੰਗ ਪੂਰੀ ਕੀਤੀ ਪਰ ਉਸ ਨੂੰ ਘਰ ਵਸਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਘਰੋਂ ਬਾਹਰ ਕੱਢ ਦਿੱਤਾ | ਜਾਂਚ ਅਧਿਕਾਰੀ ਏ.ਐੱਸ.ਆਈ.ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ |