ਨੌਸ਼ਹਿਰਾ ਪਨੂੰਆਂ, 4 ਜੂਨ (ਦੀਪਕ ਮੈਣੀ)- ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਨ ਵਿਰੁੱਧ ਚੱਲ ਰਿਹਾ ਪੱਕਾ ਮੋਰਚਾ 15 ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਆਗੂਆਂ ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਸੁਖਦੇਵ ਸਿੰਘ ਤੁੜ , ਸੁਖਦੇਵ ਸਿੰਘ ਮਾਣੋਚਾਹਲ, ਰਤਨ ਸਿੰਘ ਢੰਡ, ਜੱਸਾ ਸਿੰਘ ਕੱਦਗਿੱਲ, ਸੁਖਬਾਜ ਸਿੰਘ ਸਿੱਧੂ, ਨਛੱਤਰ ਸਿੰਘ ਪੰਨੂ ਆਦਿ ਆਗੂਆਂ ਨੇ ਕਿਹਾ ਕਿ ਇਸ ਸਰਕਾਰੀ ਖੰਡ ਮਿਲ ਕਿਸਾਨਾਂ ਦੇ 60 ਫ਼ੀਸਦੀ ਹਿੱਸਿਆਂ ਨਾਲ ਬਣੀ ਹੋਈ ਹੈ | ਇਸ ਨੂੰ ਸਰਕਾਰ ਆਪਣੀ ਮਨਮਰਜੀ ਨਾਲ ਅੱਗੇ ਮਾਲਕੀ ਤਬਦੀਲ ਨਹੀਂ ਕਰ ਸਕਦੀ | ਜਿਕਰਯੋਗ ਹੈ ਕਿ ਨਵੰਬਰ 2025 ਵਿਚ ਜਦੋਂ ਭਗਵੰਤ ਮਾਨ ਸਰਕਾਰ ਵਲੋਂ ਹੋਰ ਜਾਇਦਾਦਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤਾਂ ਉਸਦੇ ਵਿਚ ਹੀ ਸਹਿਕਾਰੀ ਖੰਡ ਮਿੱਲ ਸ਼ੇਰੋਂੋ ਦੀ ਲਗਪਗ 100 ਏਕੜ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਸਬੰਧੀ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ | ਜਦੋਂ ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਭਿਣਕ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਇਸ ਵਿਰੁੱਧ ਮੋਰਚਾ ਸ਼ੁਰੂ ਕੀਤਾ | ਫਰਵਰੀ ਵਿਚ ਲੱਗੇ ਮੋਰਚੇ ਦੌਰਾਨ 17 ਕਿਸਾਨ ਆਗੂਆਂ ਨੂੰ ਜਬਰੀ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ | ਜਿਸ ਨੂੰ ਜਥੇਬੰਦਕ ਦਬਾਅ ਸਦਕਾ ਰਿਹਾ ਕਰਵਾਇਆ ਗਿਆ | ਆਗੂਆਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਇਕ ਤਰਫ ਤਾਂ ਕਿਸਾਨਾਂ ਨੂੰ ਝੋਨੇ ਦੀ ਫਸਲ ਤੋਂ ਬਾਹਰ ਆਉਣ ਲਈ ਕਹਿ ਰਹੀ ਹੈ, ਉੱਥੇ ਨਾਲ ਹੀ ਝੋਨੇ ਦੀ ਫਸਲ ਦਾ ਬਦਲ ਗੰਨਾ ਉਹ ਸੂਗਰ ਮਿਲ ਨੂੰ ਬੰਦ ਕਰ ਰਹੀ | ਕਿਸਾਨਾਂ ਵਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਤੁਰੰਤ ਇਹ ਖੰਡ ਮਿਲ ਮੁੜ ਚਾਲੂ ਕੀਤੀ ਜਾਵੇ ਤਾਂ ਜੋ ਇਲਾਕੇ ਦੇ ਮੰਡ ਇਲਾਕੇ ਵਿਚ ਹੜ੍ਹਾਂ ਨਾਲ ਹੁੰਦੀ ਤਬਾਹੀ ਦੌਰਾਨ ਫਸਲਾਂ ਦਾ ਬਚਾ ਹੋ ਸਕੇ | ਇਸ ਮੌਕੇ ਸੁਲੱਖਣ ਸਿੰਘ ਤੁੜ, ਨਾਜਰ ਸਿੰਘ, ਖਜਾਨ ਸਿੰਘ, ਬਲਦੇਵ ਸਿੰਘ ਸ਼ੇਰੋਂ, ਅਮਰੀਕ ਸਿੰਘ ਸੇਰੋਂ, ਕਸ਼ਮੀਰ ਸਿੰਘ, ਹਰਭਜਨ ਸਿੰਘ ਚੀਮਾ ਖੁਰਦ, ਪ੍ਰਗਟ ਸਿੰਘ ਤੁੜ, ਬਲਦੇਵ ਸਿੰਘ ਤੁੜ, ਮੇਘ ਸਿੰਘ ਬਿਸ਼ੰਬਰਪੁਰ, ਰਾਣਾ ਬੰਡਾਲਾ, ਮਨਜਿੰਦਰ ਬੰਡਾਲਾ, ਹਰਭਜਨ ਸਿੰਘ ਚੀਮਾ ਖੁਰਦ, ਸੁਰਿੰਦਰ ਸਿੰਘ ਖੱਬੇ ਤੇ ਵਿਰਸਾ ਸਿੰਘ ਸਰਹਾਲੀ ਖੁਰਦ ਹਾਜ਼ਰ ਸਨ |