26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਇੰਡੀਅਨ ਡੈਂਟਲ ਐਸੋਸੀਏਸ਼ਨ ਵਲੋਂ ਡੈਂਟਲ ਸਟੱਡੀ ਸਰਕਲ ਦੀ ਸਥਾਪਨਾ <br/>

ਅਜੀਤ ਡੈਸਕ 08-06-2026
ਅੰਮਿ੍ਤਸਰ, 7 ਜੂਨ (ਹਰਮਿੰਦਰ ਸਿੰਘ)-ਇੰਡੀਅਨ ਡੈਂਟਲ ਐਸੋਸੀਏਸ਼ਨ (ਆਈ.ਡੀ.ਏ.) ਵਲੋਂ ਪ੍ਰਧਾਨ ਡਾ: ਕਮਲਦੀਪ ਸ਼ਰਮਾ ਅਤੇ ਸਕੱਤਰ ਡਾ: ਨਿਤਿਨ ਵਰਮਾ ਦੀ ਅਗਵਾਈ ਹੇਠ ਆਈ.ਡੀ.ਏ. ਅੰਮਿ੍ਤਸਰ ਡੈਂਟਲ ਸਟੱਡੀ ਸਰਕਲ ਦੀ ਸਥਾਪਨਾ ਕੀਤੀ ਗਈ ਹੈ | ਇਸ ਉਪਰਾਲੇ ਦਾ ਮੁੱਖ ਉਦੇਸ਼ ਡੈਂਟਲ ਕਾਲਜਾਂ ਵਿਚ ਦਿੱਤੀ ਜਾਣ ਵਾਲੀ ਸਿੱਖਿਆ ਅਤੇ ਆਧੁਨਿਕ ਦੰਦ ਚਿਕਿਤਸਾ ਦੇ ਤੇਜ਼ੀ ਨਾਲ ਬਦਲ ਰਹੇ ਖੇਤਰ ਵਿਚਕਾਰ ਪੈਦਾ ਹੋ ਰਹੇ ਅੰਤਰ ਨੂੰ ਘਟਾਉਣਾ ਹੈ |
ਡੈਂਟਲ ਸਟੱਡੀ ਸਰਕਲ ਨੌਜਵਾਨ ਦੰਦ ਚਿਕਿਤਸਕਾਂ ਲਈ ਇਕ ਅਜਿਹਾ ਅਕਾਦਮਿਕ ਮੰਚ ਸਾਬਤ ਹੋਵੇਗਾ, ਜਿੱਥੇ ਉਹ ਆਪਣੇ ਗਿਆਨ ਅਤੇ ਕਲੀਨੀਕਲ ਹੁਨਰਾਂ ਵਿਚ ਵਾਧਾ ਕਰਨ ਦੇ ਨਾਲ-ਨਾਲ ਤਜ਼ਰਬੇਕਾਰ ਡਾਕਟਰਾਂ ਤੋਂ ਵਿਹਾਰਕ ਜਾਣਕਾਰੀ ਅਤੇ ਮਾਰਗਦਰਸ਼ਨ ਵੀ ਪ੍ਰਾਪਤ ਕਰ ਸਕਣਗੇ |
ਸਟੱਡੀ ਸਰਕਲ ਦੀ ਪਹਿਲੀ ਅਕਾਦਮਿਕ ਬੈਠਕ ਵਿਚ ਪ੍ਰਸਿੱਧ ਦੰਦ ਚਿਕਿਤਸਕ ਡਾ: ਰਾਮਨਦੀਪ ਸਿੰਘ ਭੁੱਲਰ ਨੇ 'ਡੈਂਟਲ ਪ੍ਰੈਕਟਿਸ ਵਿਚ ਮੈਡੀਕਲ ਐਮਰਜੈਂਸੀਜ਼' ਵਿਸ਼ੇ 'ਤੇ ਵਿਸਥਾਰ ਪੂਰਵਕ ਭਾਸ਼ਨ ਦਿੱਤਾ | ਉਨ੍ਹਾਂ ਨੇ ਦੰਦਾਂ ਦੇ ਇਲਾਜ ਦੌਰਾਨ ਆ ਸਕਣ ਵਾਲੀਆਂ ਮੈਡੀਕਲ ਐਮਰਜੈਂਸੀ ਸਥਿਤੀਆਂ ਦੀ ਪਛਾਣ, ਰੋਕਥਾਮ ਅਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਇਸ ਸੈਸ਼ਨ ਨੂੰ ਭਾਗੀਦਾਰਾਂ ਵਲੋਂ ਬਹੁਤ ਹੀ ਸਰਾਹਿਆ ਗਿਆ ਅਤੇ ਇਸ ਨੂੰ ਗਿਆਨਵਰਧਕ ਅਤੇ ਲਾਭਕਾਰੀ ਕਰਾਰ ਦਿੱਤਾ ਗਿਆ | ਇਸ ਮੌਕੇ ਡਾ: ਕਮਲਦੀਪ ਸ਼ਰਮਾ ਨੇ ਕਿਹਾ ਕਿ ਇਹ ਸਟੱਡੀ ਸਰਕਲ ਉਨ੍ਹਾਂ ਦਾ ਇਕ ਦੂਰਅੰਦੇਸ਼ੀ ਭਰਿਆ ਸੁਪਨਾ ਹੈ, ਜਿਸ ਦਾ ਉਦੇਸ਼ ਸ਼ਹਿਰ ਦੇ ਨੌਜਵਾਨ ਦੰਦ ਚਿਕਿਤਸਕਾਂ ਨੂੰ ਸੀਨੀਅਰ ਅਤੇ ਤਜਰਬੇਕਾਰ ਕਲੀਨੀਸ਼ੀਅਨਾਂ ਦੀ ਸਰਪ੍ਰਸਤੀ ਹੇਠ ਆਪਣੀਆਂ ਪੇਸ਼ੇਵਰ ਯੋਗਤਾਵਾਂ ਨੂੰ ਹੋਰ ਨਿਖਾਰਨ ਦਾ ਮੌਕਾ ਪ੍ਰਦਾਨ ਕਰਨਾ ਹੈ | ਉਨ੍ਹਾਂ ਕਿਹਾ ਕਿ ਦੰਦ ਚਿਕਿਤਸਾ ਦੇ ਖੇਤਰ ਵਿਚ ਨਵੀਆਂ ਤਕਨੀਕਾਂ ਅਤੇ ਇਲਾਜ ਪ੍ਰਣਾਲੀਆਂ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਹਨ ਅਤੇ ਡਾਕਟਰਾਂ ਲਈ ਇਨ੍ਹਾਂ ਨਾਲ ਅਪਡੇਟ ਰਹਿਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਅੱਗੇ ਕਿਹਾ ਕਿ ਇਹ ਉਪਰਾਲਾ ਭਵਿੱਖ ਵਿਚ ਦੇਸ਼ ਅਤੇ ਵਿਦੇਸ਼ ਦੇ ਮਾਹਿਰਾਂ ਨਾਲ ਹੋਣ ਵਾਲੀਆਂ ਵਿੱਦਿਅਕ ਗਤੀਵਿਧੀਆਂ ਅਤੇ ਸੰਵਾਦਾਂ ਦਾ ਲਾਭ ਲੈਣ ਲਈ ਵੀ ਦੰਦ ਚਿਕਿਤਸਕਾਂ ਨੂੰ ਤਿਆਰ ਕਰੇਗਾ | ਸਕੱਤਰ ਡਾ: ਨਿਤਿਨ ਵਰਮਾ ਨੇ ਕਿਹਾ ਕਿ ਆਈ.ਡੀ.ਏ. ਅੰਮਿ੍ਤਸਰ ਆਪਣੇ ਮੈਂਬਰਾਂ ਵਿਚ ਲਗਾਤਾਰ ਸਿੱਖਣ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨ ਅਤੇ ਪੇਸ਼ੇਵਰ ਉਤਕਿ੍ਸ਼ਟਤਾ ਨੂੰ ਉਭਾਰਨ ਲਈ ਵਚਨਬੱਧ ਹੈ |

ਪਿਛਲੀ ਖ਼ਬਰ ਬੇਰੁਜ਼ਗਾਰਾਂ ਉੱਪਰ ਕੀਤੇ ਲਾਠੀਚਾਰਜ ਦੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਨੇ ਕੀਤੀ ਨਿਖੇਧੀ <br/> ਅਗਲੀ ਖ਼ਬਰ ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਚਨਬੱਧ : ਵਿਧਾਇਕ ਟੌਂਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।