ਤਰਨ ਤਾਰਨ, 9 ਜੂਨ (ਇਕਬਾਲ ਸਿੰਘ ਸੋਢੀ)-ਆਸਟ੍ਰੇਲੀਆ ਵਿਚ ਗੁਰਮਤਿ ਪ੍ਰਚਾਰ ਫੇਰੀ 'ਤੇ ਚੱਲਦਿਆਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਇਨ੍ਹੀਂ ਦਿਨੀਂ ਸਿਡਨੀ ਦੀਆਂ ਸੰਗਤਾਂ ਵਿਚ ਵਿਚਰ ਰਹੇ ਹਨ | ਮਾਨਵਤਾ ਦੇ ਭਲੇ ਹਿੱਤ ਚਲਦੀਆਂ ਮਹਾਨ ਸੇਵਾਵਾਂ ਮੁੱਖ ਰੱਖਦੇ ਹੋਏ ਸਿਡਨੀ ਦੀਆਂ ਦੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਗਤ ਵਿਚ ਬੋਲਦਿਆਂ ਮੈਨੇਜਰ ਪਿ੍ਤਪਾਲ ਸਿੰਘ ਨੇ ਆਖਿਆ ਕਿ ਬਾਬਾ ਸੁੱਖਾ ਸਿੰਘ ਨੇ ਗੁਰਦੁਆਰਾ ਸਾਹਿਬ ਗਲੇਨਵੁੱਡ ਅਤੇ ਗੁਰਦੁਆਰਾ ਸਾਹਿਬ ਬਲੈਕਟਾਊਨ ਵਿਖੇ ਬਾਬਾ ਸੁੱਖਾ ਸਿੰਘ ਨੇ ਕੀਰਤਨ ਨਾਲ ਹਾਜ਼ਰੀ ਭਰੀ ਅਤੇ ਸੰਗਤ ਸੇਵਾ ਸਿਮਰਨ ਨਾਲ ਜੋੜਿਆ | ਬਾਬਾ ਸੁੱਖਾ ਸਿੰਘ ਨੇ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਵੱਡੇ ਪੱਧਰ 'ਤੇ ਸੰਗਤ ਨੂੰ ਸਾਬਤ ਸੂਰਤ ਵਾਲੇ ਬਣਨ, ਗੁਰਸਿੱਖੀ ਜੀਵਨ ਦੇ ਧਾਰਨੀ ਹੋਣ, ਅੰਮਿ੍ਤ ਛਕ ਕੇ ਸਿੰਘ ਸੱਜਣ ਲਈ ਪ੍ਰੇਰਿਤ ਕੀਤਾ ਹੈ | ਅਸੀਂ ਭਲੀਭਾਂਤ ਜਾਣਦੇ ਹਾਂ ਕਿ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੀਆਂ ਸੇਵਾਵਾਂ ਦੇਸ਼ਾਂ-ਵਿਦੇਸ਼ਾਂ ਵਿਚ ਚੱਲ ਰਹੀਆਂ ਹਨ, ਜਿਨਾਂ ਵਿਚ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ, ਸਿੱਖਿਆ ਸੰਸਥਾਵਾਂ, ਹਸਪਤਾਲ, ਖੇਡ ਅਕੈਡਮੀਆਂ, ਗੁਰਮਤਿ ਵਿੱਦਿਆਲੇ ਅਤੇ ਹੋਰ ਕਈ ਇਤਿਹਾਸਕ ਇਮਾਰਤਾਂ ਦੀ ਸੰਭਾਲ ਜਾਰੀ ਹੈ, ਜਦੋਂ ਪੰਜਾਬ ਵਿਚ ਹੜ੍ਹ ਆਏ ਤਾਂ ਬਾਬਾ ਸੁੁੱਖਾ ਸਿੰਘ ਨੇ ਮਾਝੇ ਮਾਲਵੇ ਤੇ ਦੁਆਬੇ ਖੇਤਰ ਦੇ ਕਈ ਟੁੱਟੇ ਬੰਨ ਬੰਨ ਕੇ ਮਾਨਵਤਾ ਨੂੰ ਰਾਹਤ ਪਹੁੰਚਾਈ | ਹੜ੍ਹ ਪੀੜਤਾਂ ਲਈ ਸਭ ਤੋਂ ਮੋਹਰੀ ਬਣ ਕੇ ਰਾਹਤ ਸੇਵਾਵਾਂ ਕੀਤੀਆਂ | ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਸੰਵਾਰੀਆਂ ਅਤੇ ਫਸਲ ਬੀਜ ਕੇ ਦਿੱਤੀ | ਅੱਜ ਅਸੀਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵਲੋਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ | ਇਸ ਮੌਕੇ ਗਲੇਨਵੁੱਡ ਗੁਰਦੁਆਰਾ ਸਾਹਿਬ ਤੋਂ ਭਾਈ ਰਵਿੰਦਰਪਾਲ ਸਿੰਘ (ਹੈੱਡ ਗ੍ਰੰਥੀ), ਮਹਿੰਗਾ ਸਿੰਘ ਖੱਖ (ਸੈਕ੍ਰੇਟਰੀ), ਪਿ੍ਤਪਾਲ ਸਿੰਘ ਮੈਨੇਜ਼ਰ, ਬਲੈਕਟਾਊਨ ਗੁਰਦੁਆਰਾ ਸਾਹਿਬ ਤੋਂ ਜਸਬੀਰ ਸਿੰਘ (ਪ੍ਰਧਾਨ), ਤਰਨਜੀਤ ਸਿੰਘ (ਸੇਕ੍ਰੇਟਰੀ) ਤੇ ਹੋਰ ਸੰਗਤਾਂ ਹਾਜ਼ਰ ਸਨ |