29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

‘ਸਤਲੁਜ’ ਫਿਲਮ ’ਤੇ ਪਾਬੰਦੀ ਨਾਲ ਮੁੜ ਚਰਚਾ ’ਚ ਆਇਆ ਖਾੜਕੂਵਾਦ ਦਾ ਦੌਰ

ਅਜੀਤ ਡੈਸਕ 09-07-2026
ਪੱਟੀ, 8 ਜੁਲਾਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਪੰਜਾਬ ਦੇ ਖਾੜਕੂਵਾਦ ਦੌਰਾਨ ਕਥਿਤ ਝੂਠੇ ਪੁਲਿਸ ਮੁਕਾਬਲਿਆਂ ਅਤੇ ਲਾਵਾਰਿਸ ਕਹਿ ਕੇ ਅੰਤਿਮ ਸੰਸਕਾਰ ਕੀਤੀਆਂ ਗਈਆਂ ਲਾਸ਼ਾਂ ਦਾ ਮੁੱਦਾ ਇਕ ਵਾਰ ਫਿਰ ਚਰਚਾ ਵਿਚ ਹੈ। ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਦੀ ਮੁਹਿੰਮ ਤੋਂ ਪ੍ਰੇਰਿਤ ਬਣੀ ਫਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੀ ਚਰਚਾ ਦੇ ਮੱਦੇਨਜ਼ਰ ਪੱਟੀ ਨਾਲ ਜੁੜੇ ਕੇਸ, ਜਿਸ ਦੌਰਾਨ ਉਸ ਵਕਤ ਦੇ ਥਾਣਾ ਵਲਟੋਹਾ ਦੇ ਐਸ.ਐਚ.ਓ. ਸੀਤਾਰਾਮ, ਜਿਸ ਨੇ ਦੋ ਨੌਜਵਾਨਾਂ ਦਾ ਕਤਲ ਕਰਕੇ ਪੱਟੀ ਤੇ ਮੁਰਦਾ ਘਰ ਵਿਚ ਲਿਆ ਕੇ ਸੁੱਟੇ ਤੇ ਉਨ੍ਹਾਂ ਵਿਚੋਂ ਇਕ ਜਿੰਦਾ ਸੀ, ਨੂੰ ਫਿਰ ਸੀਤਾ ਰਾਮ ਵਲੋਂ ਸਰਕਾਰੀ ਹਸਪਤਾਲ ਪੱਟੀ ’ਚੋਂ ਚੁੱਕ ਕੇ ਗੋਲੀਆਂ ਮਾਰ ਕੇ ਮਾਰਿਆ ਗਿਆ, ਦੇ ਮੁੱਖ ਗਵਾਹ ਕਾ. ਮਹਾਂਵੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਬਲਜੀਤ ਕੌਰ, ਜੋ ਉਸ ਵਕਤ ਸਰਕਾਰੀ ਹਸਪਤਾਲ ਵਿਖੇ ਨਰਸ ਦੇ ਤੌਰ ’ਤੇ ਤਾਇਨਾਤ ਸੀ, ‘ਅਜੀਤ’ ਦੇ ਰੂਬਰੂ ਹੁੰਦੇ ਸਮੇਂ ਕਾਲੇ ਦੌਰ ਦੀਆਂ ਘਟਨਾਵਾਂ ਨੂੰ ਦੱਸ ਕੇ ਅੱਖਾਂ ਵਿਚੋਂ ਹੰਝੂ ਰੁਕਣੋ ਨਾ ਰੋਕ ਸਕੇ। ਇਸ ਸੰਬੰਧੀ ਸਟਾਫ਼ ਨਰਸ ਰਹੀ ਬਲਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਕਾ. ਮਹਾਂਵੀਰ ਸਿੰਘ ਨੇ ਦੱਸਿਆ ਕਿ 30 ਅਕਤੂਬਰ 1993 ਨੂੰ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਵਾਪਰੀ ਇਕ ਘਟਨਾ ਨੇ ਉਸ ਸਮੇਂ ਦੇ ਕਥਿਤ ਐਸ.ਐਚ.ਓ. ਵਲਟੋਹਾ ਸੀਤਾ ਰਾਮ ਨੂੰ ਬੇਨਕਾਬ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ । ਉਨ੍ਹਾਂ ਦੇ ਦੱਸਣ ਅਨੁਸਾਰ ਉਸ ਸਮੇਂ ਥਾਣਾ ਵਲਟੋਹਾ ਵਿਖੇ ਤਾਇਨਾਤ ਐਸ.ਐਚ.ਓ. ਸੀਤਾਰਾਮ ਤੇ ਉਸ ਦੀ ਪਾਰਟੀ ਦੋ ਨੌਜਵਾਨਾਂ ਨੂੰ ਮ੍ਰਿਤਕ ਦੱਸ ਕੇ ਪੋਸਟਮਾਰਟਮ ਲਈ ਪੱਟੀ ਹਸਪਤਾਲ ਲੈ ਕੇ ਆਈ। ਮੁਰਦਾਘਰ ਵਿਚ ਡਿਊਟੀ ਕਰ ਰਹੇ ਕਰਮਚਾਰੀ ਕਰਮਵੀਰ ਨੂੰ ਉਸ ਵੇਲੇ ਹੈਰਾਨੀ ਹੋਈ, ਜਦ ਉਹ ਮੁਰਦਾਘਰ ਦਾ ਗੇਟ ਬੰਦ ਕਰ ਰਿਹਾ ਸੀ ਤਾਂ ਉਨ੍ਹਾਂ ਦੋਵਾਂ ਵਿਚੋਂ ਇਕ ਨੇ ਉਸ ਦਾ ਕਮੀਜ਼ ਫੜ ਕੇ ਪਾਣੀ ਮੰਗਿਆ । ਇਸ ਤੋਂ ਬਾਅਦ ਉਸ ਨੇ ਹਸਪਤਾਲ ਦੇ ਸਟਾਫ਼ ਅਤੇ ਨਰਸ ਬਲਜੀਤ ਕੌਰ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਡਾ. ਜਸਵਿੰਦਰ ਸਿੰਘ ਦੀ ਮਦਦ ਨਾਲ ਉਸ ਨੌਜਵਾਨ ਨੂੰ ਮੁਰਦਾਘਰ ਵਿਚੋਂ ਕੱਢ ਕੇ ਆਪ੍ਰੇਸ਼ਨ ਥੀਏਟਰ ਵਿਚ ਪਹੁੰਚਾਇਆ। ਬਲਜੀਤ ਕੌਰ ਅਨੁਸਾਰ ਜ਼ਖ਼ਮੀ ਨੌਜਵਾਨ ਨੇ ਆਪਣੀ ਪਛਾਣ ਸੁਰਜੀਤ ਸਿੰਘ ਉਰਫ਼ ਕਾਲਾ ਪੁੱਤਰ ਹਰਭਜਨ ਸਿੰਘ ਵਾਸੀ ਵਲਟੋਹਾ ਵਜੋਂ ਕਰਵਾਈ ਅਤੇ ਦੱਸਿਆ ਕਿ ਉਸ ਨੂੰ ਗੋਲੀ ਲੱਗੀ ਹੈ, ਪਰ ਉਹ ਜਿੰਦਾ ਹੈ। ਇਸ ਤੋਂ ਬਾਅਦ ਕਾ. ਮਹਾਂਵੀਰ ਸਿੰਘ ਨੂੰ ਵੀ ਹਸਪਤਾਲ ਬੁਲਾਇਆ ਗਿਆ ਅਤੇ ਜ਼ਖ਼ਮੀ ਨੂੰ ਅੰਮ੍ਰਿਤਸਰ ਰੈਫਰ ਕਰਨ ਦੀ ਤਿਆਰੀ ਕੀਤੀ ਗਈ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਦੌਰਾਨ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲ ਗਈ ਤੇ ਐਸ.ਐਚ.ਓ. ਸੀਤਾ ਰਾਮ ਪੁਲਿਸ ਪਾਰਟੀ ਨਾਲ ਮੁੜ ਹਸਪਤਾਲ ਆਇਆ ਤੇ ਵਿਰੋਧ ਦੇ ਬਾਵਜੂਦ ਜ਼ਖ਼ਮੀ ਨੌਜਵਾਨ ਨੂੰ ਆਪਣੇ ਨਾਲ ਲੈ ਗਿਆ। ਮਹਾਂਵੀਰ ਸਿੰਘ ਨੇ ਕਿਹਾ ਕਿ ਐਸ.ਐਚ.ਓ. ਸੀਤਾ ਰਾਮ ਉਸ ਨੌਜਵਾਨ ਨੂੰ ਪੱਟੀ ਸਰਕਾਰੀ ਹਸਪਤਾਲ ਦੇ ਪਿਛਲੇ ਪਾਸੇ ਖੇਤਾਂ ਵਿਚ ਲਿਜਾ ਕੇ ਗੋਲੀਆਂ ਮਾਰ ਕੇ ਫਿਰ ਉਸ ਨੌਜਵਾਨ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਲੈ ਆਇਆ ਤੇ ਫਿਰ ਲਾਵਾਰਿਸ ਕਹਿ ਕੇ ਇਨ੍ਹਾਂ ਦੋਵਾਂ ਨੌਜਵਾਨਾਂ ਦਾ ਅੰਤਿਮ ਸੰਸਕਾਰ ਪੱਟੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਕਾ. ਮਹਾਂਵੀਰ ਸਿੰਘ ਨੇ ਕਿਹਾ ਕਿ ਇਸ ਘਟਨਾ ਦੇ ਮੁੱਖ ਗਵਾਹ ਐਡਵੋਕੇਟ ਸੁਰਿੰਦਰਪਾਲ ਸਿੰਘ ਘਰਿਆਲਾ ਦੇ ਬਿਆਨ ਵੀ ਇਸ ਕੇਸ ਵਿਚ ਅਹਿਮ ਭੂਮਿਕਾ ਵਜੋਂ ਸਾਬਿਤ ਹੋਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਵਿਰੋਧ ਵਿਚ ਉਨ੍ਹਾਂ ਨੇ ਪੱਤਰਕਾਰਾਂ ਅਤੇ ਸਮਾਜਿਕ ਆਗੂਆਂ ਨਾਲ ਸੰਪਰਕ ਕੀਤਾ, ਪਰ ਉਸ ਕਾਲੇ ਦੌਰ ਦੇ ਖੌਫ ਕਾਰਨ ਕੁਝ ਆਗੂ ਪਾਸਾ ਵੱਟ ਗਏ ਤੇ ਉਸ ਵਕਤ ਦੇ ਪੱਟੀ ਤੋਂ ਪੱਤਰਕਾਰਾਂ ਨੇ ਖਬਰ ਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਮੇਰਾ ਰਾਬਤਾ ਅੰਮ੍ਰਿਤਸਰ ਵਿਖੇ ‘ਅਜੀਤ’ ਅਖਬਾਰ ਦੇ ਮੁੱਖ ਪੱਤਰਕਾਰਾਂ ਨਾਲ ਹੋਇਆ ਤੇ ਮੈਂ ਕਾ. ਸਤਪਾਲ ਡਾਂਗ ਨੂੰ ਨਾਲ ਲੈ ਕੇ ਸਾਰਾ ਮਾਮਲਾ ਪੱਤਰਕਾਰਾਂ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਦਾ ਦਾਅਵਾ ਹੈ ਕਿ ਸਮਝੌਤਾ ਕਰਨ ਲਈ ਲਾਲਚ ਵੀ ਦਿੱਤੇ ਗਏ, ਪਰ ਉਨ੍ਹਾਂ ਨੇ ਆਪਣੇ ਬਿਆਨ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ। ਫਿਰ 1998 ਨੂੰ ਐਸ.ਐਚ.ਓ. ਸੀਤਾ ਰਾਮ ਤੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਗਈ। ਕਾ. ਮਹਾਂਵੀਰ ਸਿੰਘ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ ਹਜ਼ਾਰਾਂ ਲਾਵਾਰਿਸ ਲਾਸ਼ਾਂ ਦੇ ਮਾਮਲੇ ਨੂੰ ਦੁਨੀਆ ਸਾਹਮਣੇ ਲਿਆ ਕੇ ਇਤਿਹਾਸਕ ਕੰਮ ਕੀਤਾ, ਪਰ ਬਾਅਦ ਵਿਚ ਉਹ ਖੁਦ ਲਾਪਤਾ ਹੋ ਗਏ ਅਤੇ ਉਨ੍ਹਾਂ ਦੀ ਜਿੰਦਗੀ ਵੀ ਦੁਖਦਾਈ ਅੰਤ ਤੱਕ ਪਹੁੰਚੀ।
ਸੀਤਾ ਰਾਮ ਹੱਕ ’ਚ ਦਿੱਤੇ ਬਿਆਨ ’ਤੇ ਹੋਇਆ ਸੀ ਬਰੀ–
ਇਸ ਸੰਬੰਧੀ ਹੋਰ ਖੁਲਾਸੇ ਕਰਦੇ ਹੋਏ ਕਾ. ਮਹਾਂਵੀਰ ਸਿੰਘ ਨੇ ਕਿਹਾ ਕਿ ਸੁਰਜੀਤ ਸਿੰਘ ਕਾਲੂ ਨੂੰ ਮਾਰਨ ਵਾਲੇ ਉਸ ਸਮੇਂ ਦੇ ਐਸ.ਐਚ.ਓ. ਸੀਤਾ ਰਾਮ ਨੂੰ ਸੈਸ਼ਨ ਕੋਰਟ ਵਿਚੋਂ ਸਜ਼ਾ ਹੋ ਗਈ ਸੀ ਅਤੇ ਫਿਰ ਉਸ ਨੇ ਹਾਈਕੋਰਟ ਵਿਚ ਅਪੀਲ ਕਰਨ ਮੌਕੇ ਅਚਾਨਕ ਮ੍ਰਿਤਕ ਨੌਜਵਾਨ ਸੁਰਜੀਤ ਸਿੰਘ ਦੇ ਪਰਿਵਾਰ ਵਲੋਂ ਸੀਤਾ ਰਾਮ ਦੇ ਹੱਕ ਵਿਚ ਬਿਆਨ ਦਿੱਤੇ ਗਏ, ਜਿਸ ਕਾਰਨ ਉਨ੍ਹਾਂ ਬਿਆਨਾਂ ਦੇ ਅਧਾਰ ’ਤੇ ਸੀਤਾ ਰਾਮ ਕੇਸ ਵਿਚੋਂ ਬਰੀ ਹੋ ਗਿਆ ਸੀ। ਪਰਿਵਾਰ ਵਲੋਂ ਦਿੱਤੇ ਗਏ ਬਿਆਨਾਂ ਦੀਆਂ ਕਾਪੀ ਮੌਜੂਦ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਲੰਮਾ ਸੰਘਰਸ਼ ਕਰਨਾ ਪਿਆ। ਇਸ ਦੇ ਬਾਵਜੂਦ ਉਹ ਕੇਸ ਹਾਰ ਗਏ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਦੇ ਪਰਿਵਾਰ ਦਾ ਇਕ ਮੈਂਬਰ ਪੰਜਾਬ ਪੁਲਿਸ ਵਿਚ ਨੌਕਰੀ ਕਰ ਰਿਹਾ ਹੈ ।

ਪਿਛਲੀ ਖ਼ਬਰ ਦੜੇ ਸੱਟੇ ਦੇ ਕਾਰੋਬਾਰ ਅਤੇ ਫਾਈਨਾਂਸ ਮਾਫੀਆ ਦੇ ਖ਼ਿਲਾਫ਼ ਕਾਰਵਾਈ ਕਰੇ ਪੁਲਿਸ ਪ੍ਰਸ਼ਾਸਨ ਅਗਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।