15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪਰਮਵੀਰ ਚੱਕਰ ਵਿਜੇਤਾ ਸ਼ਹੀਦ ਅਬਦੁੱਲ ਹਮੀਦ ਤੇ ਸਾਥੀਆਂ ਦੀ ਯਾਦ ’ਚ ਬਣਨ ਵਾਲਾ ਸੀ-ਪਾਈਟ ਸਿਖਲਾਈ ਕੇਂਦਰ ਕਦੋਂ ਬਣੇਗਾ

ਅਜੀਤ ਡੈਸਕ 29-07-2026
ਖੇਮਕਰਨ, 28 ਜੁਲਾਈ (ਰਾਕੇਸ਼ ਬਿੱਲਾ)- ਭਾਰਤ ਤੇ ਪਾਕਿਸਤਾਨ ਦਰਮਿਆਨ ਸੰਨ੍ਹ 1965 ਤੇ 1971 ’ਚ ਹੋਈਆਂ ਦੋ ਭਿਆਨਕ ਜੰਗਾਂ ’ਚ ਅਨੇਕਾਂ ਭਾਰਤੀ ਫ਼ੌਜ ਦੇ ਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ, ਜਿਨ੍ਹਾਂ ਨੂੰ ਹਰ ਸਾਲ ਬੜੇ ਫੱਖਰ ਨਾਲ ਦੇਸ਼ ਵਾਸੀ ਜਗ੍ਹਾ ਜਗ੍ਹਾ ਸ਼ਹੀਦੀ ਸਮਾਗਮ ਮਨਾ ਕੇ ਯਾਦ ਕਰਦੇ ਆ ਰਹੇ ਹਨ। ਗੁਆਂਢੀ ਮੁਲਕ ਪਾਕਿਸਤਾਨ ਨਾਲ ਹੋਈਆਂ ਦੋਵਾਂ ਜੰਗਾਂ ਦਾ ਮੁੱਖ ਅਖਾੜਾ ਖੇਮਕਰਨ ਦਾ ਸੈਕਟਰ ਹੀ ਜ਼ਿਆਦਾਤਰ ਰਿਹਾ ਹੈ, ਕਿਉਂਕਿ ਇਸ ਖੇਮਕਰਨ ਦੇ ਬਾਰਡਰ ਰਾਹੀਂ ਦੁਸ਼ਮਣ ਦੇਸ਼ ਦੀਆਂ ਫ਼ੌਜਾਂ ਸਾਡੇ ਮੁਲਕ ’ਚ ਵੜਨ ਦੇ ਯਤਨ ’ਚ ਸੀ, ਜਿਸ ਵਿਚ ਸੰਨ੍ਹ 1965 ਦੀ ਜੰਗ ਦੌਰਾਨ ਪਾਕਿਸਤਾਨ ਕਾਮਯਾਬ ਵੀ ਹੋ ਗਿਆ, ਜਦ ਖੇਮਕਰਨ ਸ਼ਹਿਰ ਤੇ ਆਸ-ਪਾਸ ਦੇ ਕਾਫ਼ੀ ਪਿੰਡ ਤੇ ਇਲਾਕੇ ਤੇ ਪਾਕਿਸਤਾਨ ਦੀਆਂ ਫੌਜਾਂ ਨੇ ਕਬਜਾ ਕਰ ਲਿਆ। ਉਸ ਸਮੇਂ ਅੱਗੇ ਵਧ ਰਹੀਆਂ ਦੁਸ਼ਮਣ ਫ਼ੌਜਾਂ ਨੂੰ ਰੋਕਣ ਲਈ ਪਿੰਡ ਆਸਲ-ਉਤਾੜ ਦੀ ਧਰਤੀ ’ਤੇ ਭਿਆਨਕ ਜੰਗ ਹੋਈ, ਜਿੱਥੇ ਸਾਡੀ ਫ਼ੌਜ ਦੇ ਜਾਂਬਾਜ ਜਵਾਨ ਹਵਾਲਦਾਰ ਅਬਦੁੱਲ ਹਮੀਦ ਤੇ ਸਾਥੀ ਦੁਸ਼ਮਣ ਫ਼ੌਜਾਂ ’ਤੇ ਕਹਿਰ ਬਣ ਕੇ ਅੱਗੇ ਆਏ ਤੇ ਪਾਕਿਸਤਾਨੀ ਫ਼ੌਜ ਦੇ ਟੈਂਕਾਂ ਨੂੰ ਤਬਾਹ ਕਰਕੇ ਮੂੰਹ ਤੋੜ ਕੇ ਜਵਾਬ ਦਿੱਤਾ। ਸ਼ਹੀਦ ਅਬਦੁੱਲ ਹਮੀਦ ਤੇ ਸਾਥੀਆਂ ਦੀ ਕੁਰਬਾਨੀ ਕਰਕੇ ਦੁਸ਼ਮਣ ਫ਼ੌਜਾਂ ਅੱਗੇ ਵੱਧਣ ਦੀ ਬਜਾਇ ਪਿੱਛੇ ਭੱਜ ਗਈਆਂ ਸਨ। ਇਨ੍ਹਾਂ ਸ਼ਹੀਦਾਂ ਦੀ ਯਾਦ ’ਚ ਪਿੰਡ ਆਸਲ-ਉਤਾੜ ਨਜ਼ਦੀਕ ਬਣੇ ਸ਼ਹੀਦੀ ਸਮਾਰਕ ’ਤੇ ਹਰ ਸਾਲ ਦੇਸ਼ ਵਾਸੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਸ਼ਹੀਦਾਂ ਨੂੰ ਯਾਦ ਕਰਦੇ ਹਨ। ਇਨ੍ਹਾਂ ਜੰਗੀ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪੰਜਾਬ ਦੀ ਪਿਛਲੀ ਕਾਂਗਰਸ ਪਾਰਟੀ ਦੀ ਵਜ਼ਾਰਤ ਦੇ ਅਖੀਰਲੇ ਸਾਲ ਭਾਵ ਸਤੰਬਰ ਸੰਨ੍ਹ 2021 ’ਚ ਸ਼ਹੀਦੀ ਸਮਾਗਮ ਦੌਰਾਨ ਸਰਕਾਰ ਵਲੋਂ ਸ਼ਹੀਦ ਹਵਲਦਾਰ ਅਬਦੁੱਲ ਹਮੀਦ ਦੀ ਯਾਦ ’ਚ ਪਿੰਡ ਆਸਲ ਉਤਾੜ ਦੀ ਪੰਚਾਇਤੀ ਜ਼ਮੀਨ ’ਚ ਪੰਜਾਬ ਦੇ ਨੌਜਵਾਨਾਂ ਲਈ ਸਿਖਲਾਈ ਤੇ ਰੁਜ਼ਗਾਰ ਕੇਂਦਰ ਸੀ ਪਾਇਟ ਪਰਮਾਨੈਂਟ ਸਿਖਲਾਈ ਕੇਂਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਸ ਸਮੇਂ ਸਰਕਾਰ ਨੇ ਵਾਅਦਾ ਕੀਤਾ ਕਿ ਉਸ ਸਮੇਂ ਤੋਂ ਅਗਲੇ ਸਾਲ ਆਉਣ ਵਾਲੇ ਸ਼ਹੀਦੀ ਸਮਾਗਮ ਦਰਮਿਆਨ ਇਹ ਪ੍ਰਾਜੈਕਟ ਮੁਕੰਮਲ ਹੋ ਜਾਵੇਗਾ, ਪਰ ਅਫਸੋਸ ਕਿ ਇਹ ਪ੍ਰਾਜੈਕਟ ਸਿਰਫ ਚਾਰ ਦੀਵਾਰੀ ਤੇ ਕੁੱਝ ਕਮਰਿਆਂ ਤੱਕ ਹੀ ਬਣ ਕੇ ਹੁਣ ਤੱਕ ਰਹਿ ਗਿਆ ਹੈ। ਜਦੋਂਕਿ ਵਾਅਦਾ ਕੀਤਾ ਗਿਆ ਸੀ ਕਿ ਇਸ ਸੀ-ਪਾਈਟ ਕੈਂਪ ’ਚ ਹਰ ਸਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਉਦਯੋਗਿਕ ਸਿਖਲਾਈ ,ਰੁਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਸਿੱਖਲਾਈ ਆਦਿ ਦੀ ਸਿਖਲਾਈ ਦੇਣ ਦੇ ਨਾਲ ਭਾਰਤੀ ਫ਼ੌਜ ਤੇ ਅਰਧ ਸੈਨਿਕ ਬਲ ’ਚ ਭਰਤੀ ਹੋਣ ਲਈ ਤਿਆਰੀ ਕਰਵਾਉਣ ਲਈ ਕੈਂਪ ਕੀਤਾ ਜਾਵੇਗਾ, ਪਰ ਪੰਜ ਸਾਲ ਲੰਘਦੇ ਜਾ ਰਹੇ ਹਨ। ਇੱਥੇ ਸਿਰਫ ਸਰਕਾਰੀ ਇਮਾਰਤ ਦੀ ਉਸਾਰੀ ਬੰਦ ਪਈ ਹੀ ਨਜ਼ਰ ਆ ਰਹੀ ਹੈ, ਜਿਹੜੀ ਦੇਸ਼ ਲਈ ਕੁਰਬਾਨ ਹੋਣ ਵਾਲੇ ਜੰਗੀ ਸ਼ਹੀਦਾਂ ਨੂੰ ਸਰਕਾਰਾਂ ਕਿੰਨਾ ਕੁ ਯਾਦ ਰੱਖਦੀਆਂ ਹਨ, ਉਹ ਦਰਸਾ ਰਹੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸ਼ਹੀਦਾਂ ਦੀ ਯਾਦ ’ਚ ਬਣਨ ਵਾਲੇ ਪ੍ਰਾਜੈਕਟਾਂ ਦਾ ਇੱਥੇ ਇਹ ਹਾਲ ਹੈ ਤਾਂ ਸੂਬੇ ’ਚ ਹੋਰ ਪ੍ਰਾਜੈਕਟਾਂ ਦੀ ਸੰਸਾਰੀ ਦਾ ਕੀ ਹਾਲ ਹੋਵੇਗਾ। ਇਸ ਸਰਹੱਦੀ ਇਲਾਕੇ ਦੀ ਜ਼ੋਰਦਾਰ ਮੰਗ ਹੈ ਕਿ ਇਸ ਵਾਰ ਸਤੰਬਰ ’ਚ ਮਨਾਏ ਜਾ ਰਹੇ ਸ਼ਹੀਦੀ ਸਮਾਗਮ ਤੋਂ ਪਹਿਲਾਂ ਘੱਟੋ ਘੱਟ ਸੂਬਾ ਸਰਕਾਰ ਇਸ ਕਾਰਜ ਦੀ ਬੰਦ ਉਸਾਰੀ ਤਾਂ ਮੁੜ ਚਾਲੂ ਕਰਵਾਏ।
ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਪ੍ਰਤੀਕਰਮ
ਇਸ ਯਾਦਗਾਰ ਸੰਬੰਧੀ ਜਦ ਹਲਕੇ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਧਿਆਨ ’ਚ ਲਿਆਂਦਾ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਕੈਂਪ ਅਮਰਿੰਦਰ ਸਿੰਘ ਜਿਹੜੇ ਖੁਦ ਕਈ ਵਾਰ ਪਿੰਡ ਆਸਲ ਉਤਾੜ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਆਉਂਦੇ ਸਨ, ਉਨ੍ਹਾਂ ਦੇ ਯਤਨਾਂ ਸਦਕਾ ਇਹ ਸੀ-ਪਾਈਟ ਸਿਖਲਾਈ ਕੇਦਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਇਸ ਸ਼ਹੀਦਾਂ ਦੀ ਧਰਤੀ ’ਤੇ ਸਾਡੇ ਨੌਜਵਾਨਾਂ ਨੂੰ ਫ਼ੌਜ ’ਚ ਭਰਤੀ ਕਰਨ ਲਈ ਸਿਖਲਾਈ ਕੈਂਪ ਬਣੇ। ਇਸ ਕਰਕੇ ਕਾਂਗਰਸ ਸਰਕਾਰ ਨੇ ਇਹ ਪ੍ਰਾਜੈਕਟ ਮਨਜ਼ੂਰ ਕੀਤਾ ਸੀ ਤੇ ਉਸ ਸਮੇਂ ਤੁਰੰਤ ਨਿਰਮਾਣ ਵੀ ਚੱਲ ਪਿਆ ਸੀ, ਪਰ ਦੁੱਖ ਹੈ ਕਿ ਜਿਹੜੀ ਪਾਰਟੀ ਸ਼ਹੀਦਾਂ ਦੇ ਨਾਂਅ ’ਤੇ ਵੋਟਾਂ ਲੈ ਕੇ ਸੱਤਾ ’ਚ ਆਈ। ਇਸ ਸਰਕਾਰ ਦੇ ਰਾਜ ’ਚ ਇਕ ਇੱਟ ਨਹੀਂ ਲੱਗੀ, ਸਾਰਾ ਕੰਮ ਠੱਪ ਕਰ ਦਿੱਤਾ ਹੈ। ਸਾਬਕਾ ਵਿਧਾਇਕ ਭੁੱਲਰ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਯਕੀਨੀ ਹੈ। ਫਿਰ ਕਾਂਗਰਸ ਸਰਕਾਰ ਛੇਤੀ ਤੋਂ ਛੇਤੀ ਇਹ ਕੇਦਰ ਬਣਾਏਗੀ।
ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਇਸ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਉਸ ਸਮੇ ਇਸ ਸਿਖਲਾਈ ਕੇਂਦਰ ਦਾ ਕੰਮ ਵਾਹ-ਵਾਹ ਖੱਟਣ ਲਈ ਬਹੁਤ ਕਾਹਲੀ ’ਚ ਕੀਤਾ, ਪਰ ਉਸਾਰੀ ਲਈ ਚਾਹੀਦੇ ਕਰੋੜਾਂ ਦੇ ਫੰਡਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਸੀ। ਸਿਰਫ ਸਰਕਾਰ ਨੇ ਆਪਣੇ ਅਖੀਰਲੇ ਸਮੇਂ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਕਵਰ ਕਰਨ ਦਾ ਹੀ ਕੰਮ ਕੀਤਾ ਸੀ। ਹੁਣ ਤੱਕ ਜਿਹੜਾ ਵੀ ਕੰਮ ਹੋਇਆ ਹੈ, ਉਹ ‘ਆਪ’ ਸਰਕਾਰ ਦੇ ਰਾਜ ਦੌਰਾਨ ਹੀ ਹੋਇਆ ਹੈ। ਸੀ-ਪਾਈਟ ਦੇ ਨਿਰਮਾਣ ਦਾ ਕੰਮ ਬੰਦ ਨਹੀਂ ਹੈ। ਉਹ ਛੇਤੀ ਸਰਕਾਰ ਦੇ ਧਿਆਨ ’ਚ ਲਿਆ ਕੇ ਆ ਰਹੇ ਸ਼ਹੀਦੀ ਸਮਾਗਮ ਤੱਕ ਇਸ ਪ੍ਰਾਜੈਕਟ ਦੇ ਕੰਮ ਨੂੰ ਮੁੜ ਤੇਜ਼ੀ ਨਾਲ ਚਾਲੂ ਕਰਵਾਉਣਗੇ।
ਪਿਛਲੀ ਖ਼ਬਰ ਮੀਰੀ-ਪੀਰੀ ਦਿਵਸ ਨੂੰ ਸਮਰਿਪਤ ਖ਼ਾਲਸਾ ਮਾਰਚ ਗੁਰਦੁਆਰਾ ਸੇਵਕਪੁਰੀ ਵਿਖੇ ਪਹੁੰਚਿਆ ਅਗਲੀ ਖ਼ਬਰ 128 ਤੋਂ ਵੱਧ ਕੱਟੜ ਲੋੜੀਂਦੇ ਅਪਰਾਧੀ, ਡਰੱਗ ਸਮੱਗਲਰ ਕੀਤੇ ਗ੍ਰਿਫ਼ਤਾਰ ਅਤੇ ਰਾਊਂਡਅੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।