02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸੇਰੋਂ ਖੰਡ ਮਿੱਲ ਮੋਰਚੇ ’ਤੇ ਸ਼ਹੀਦ ਊਧਮ ਸਿੰਘ ਨੂੰ ਕੀਤਾ ਯਾਦ

ਅਜੀਤ ਡੈਸਕ 01-08-2026
ਨੌਸ਼ਹਿਰਾ ਪੰਨੂੰਆਂ, 31 ਜੁਲਾਈ (ਦੀਪਕ ਮੈਣੀ)-ਸੇਰੋਂ ਖੰਡ ਮਿੱਲ ਮੋਰਚੇ ’ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਤੇ ਵਰਕਰਾਂ ਵਲੋਂ ਭਾਰਤ ਦੀ ਆਜ਼ਾਦੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਣ ਤੇ ਅਪਨਾਉਣ ਬਾਰੇ ਕਿਸਾਨ ਆਗੂਆਂ ਵਿਚਾਰ ਰੱਖੇ। ਆਗੂਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਕ੍ਰਾਂਤੀਕਾਰੀ ਵਿਚਾਰ ਤੇ ਸਮਾਜਵਾਦੀ ਫ਼ਲਸਫ਼ਾ ਸਾਡਾ ਰਾਹ ਦਸੇਰਾ ਹੈ। ਜੇਕਰ ਅੱਜ ਮਿਹਨਤਕਸ਼ ਜਨਤਾ ਨੇ ਕਾਰਪੋਰੇਟ ਘਰਾਣਿਆਂ ਦੇ ਸੰਗਲਾਂ ’ਚੋਂ ਬਾਹਰ ਆ ਕੇ ਅਸਲੀ ਆਰਥਿਕ ਅਤੇ ਸਮਾਜਿਕ ਅਜ਼ਾਦੀ ਦਾ ਨਿੱਘ ਮਾਣਨਾ ਹੈ ਤਾਂ ਸਾਨੂੰ ਉਨ੍ਹਾਂ ਦੇ ਵਿਚਾਰਾਂ ’ਤੇ ਪਹਿਰਾ ਦਿੰਦਿਆਂ ਮਿਹਨਤਕਸ਼ ਲੋਕਾਂ ਵਾਸਤੇ ਵਿਸ਼ਾਲ ਸਾਂਝੇ ਸੰਘਰਸ਼ ਕਰਨੇ ਪੈਣਗੇ। ਕਿਸਾਨ ਆਗੂਆਂ ਹਰਜਿੰਦਰ ਸਿੰਘ ਟਾਂਡਾ, ਨਛੱਤਰ ਸਿੰਘ ਪੰਨੂੰ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਅੱਜ ਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਕਾਰਪੋਰੇਟ ਸਾਮਰਾਜ ਦੀਆਂ ਗੁਲਾਮ ਬਣ ਗਈਆਂ ਹਨ। ਸਰਕਾਰਾਂ ਦਾ ਹਰ ਫੈਸਲਾ ਸਾਮਰਾਜ ਨੂੰ ਖੁਸ਼ ਕਰਨ ਲਈ ਹੁੰਦਾ ਹੈ। ਸੇਰੋਂ ਖੰਡ ਮਿੱਲ ਵਰਗੇ ਸ਼ਾਨਦਾਰ ਸਹਿਕਾਰੀ ਅਦਾਰੇ ਜਾਣ ਬੁੱਝ ਕੇ ਖ਼ਤਮ ਕੀਤੇ ਜਾ ਰਹੇ ਹਨ ਜਾਂ ਨਿੱਜੀ ਹੱਥਾਂ ਵਿਚ ਦਿੱਤੇ ਜਾ ਰਹੇ ਹਨ। ਯਾਦ ਰਹੇ ਕਿ ਅੰਗਰੇਜ਼ ਸਾਮਰਾਜ ਵਿਰੁੱਧ ਸੰਘਰਸ਼ ਦੇ ਸਾਡੇ ਕ੍ਰਾਂਤੀਕਾਰੀ ਹੀਰੋ ਸਾਮਰਾਜ ਦੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਸਾਨੂੰ ਵੀ ਅੱਜ ਸੇਰੋਂ ਖੰਡ ਮਿੱਲ ਮੋਰਚੇ ’ਤੇ ਬੈਠਿਆਂ ਅਜਿਹੀ ਵਿਚਾਰਧਾਰਾ ਦੇ ਹਾਣੀ ਬਣਨ ਲਈ ਅੱਗੇ ਆਉਣਾ ਪਵੇਗਾ। ਇਸ ਮੌਕੇ ਸੁਖਬਾਜ ਸਿੰਘ ਸਿੱਧੂ, ਜੱਸਾ ਸਿੰਘ ਕੱਦਗਿੱਲ, ਰੇਸ਼ਮ ਸਿੰਘ ਫੈਲੋਕੇ, ਸੁਖਚੈਨ ਸਿੰਘ ਸਰਹਾਲੀ, ਜਸਬੀਰ ਸਿੰਘ ਨਿੱਜਰਪੁਰਾ, ਰਤਨ ਸਿੰਘ ਢੰਡ, ਵਰਿਆਮ ਸਿੰਘ ਸਖੀਰਾ, ਕੇਹਰ ਸਿੰਘ ਮੁਗ਼ਲਚੱਕ, ਦਿਲਬਾਗ ਸਿੰਘ ਬਾਣੀਆਂ, ਅਨੋਖ ਸਿੰਘ ਕਾਹਲਵਾਂ, ਬਲਜਿੰਦਰ ਸਿੰਘ ਮੁੰਡਾਪਿੰਡ, ਸੁਲੱਖਣ ਸਿੰਘ ਤੁੜ, ਜਸਬੀਰ ਸਿੰਘ ਜਾਮਾਰਾਏ, ਅਜੀਤ ਸਿੰਘ ਜੌਣੇਕੇ ਸਮੇਤ ਬਹੁਤ ਸਾਰੇ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਖੇਮਕਰਨ ਸ਼ਹਿਰ ’ਚ ਰੋਸ ਮੁਜ਼ਾਹਰੇ ਤੇ ਸਾਬਕਾ ਵਿਧਾਇਕ ਪ੍ਰੋ. ਵਲਟੋਹਾ ਨੇ ਵਿਅੰਗ ਕੱਸ ਕੇ ਅਕਾਲੀ ਰਾਜ ਦੌਰਾਨ ਵਿਕਾਸ ਯਾਦ... ਅਗਲੀ ਖ਼ਬਰ ਸਾਂਝਾ ਮੁਲਾਜ਼ਮ ਅਤੇ ਮੰਚ ਵਲੋਂ 7 ਅਗਸਤ ਦੀ ਵਿਸ਼ਾਲ ਰੈਲੀ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।