02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪਿੰਡ ਖਾਲੜਾ ’ਚ ਕੂੜੇ ਦੇ ਪ੍ਰਬੰਧ ਲਈ ਸਵੱਛ ਭਾਰਤ ਮਿਸ਼ਨ ਤਹਿਤ ਸ਼ੁਰੂਆਤ

ਅਜੀਤ ਡੈਸਕ 01-08-2026
ਖਾਲੜਾ, 31 ਜੁਲਾਈ (ਜੱਜਪਾਲ ਸਿੰਘ ਜੱਜ)-ਸਰਹੱਦੀ ਪਿੰਡ ਖਾਲੜਾ ਵਿਚ ਲੰਬੇ ਸਮੇਂ ਤੋਂ ਕੂੜੇ-ਕਰਕਟ ਦੇ ਢੁਕਵੇਂ ਨਿਪਟਾਰੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਹੁਣ ਰਾਹਤ ਦੀ ਉਮੀਦ ਜਾਗੀ ਹੈ। ਪਿੰਡ ਵਿਚ ਸਫ਼ਾਈ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ‘ਸਵੱਛ ਭਾਰਤ ਮਿਸ਼ਨ’ ਤਹਿਤ ਸਵੱਛ ਪਿੰਡ, ਸਿਹਤਮੰਦ ਪਿੰਡ ਤੇ ਸਮਰੱਥ ਪਿੰਡ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਪਿੰਡ ਵਿਚ ਘਰ-ਘਰ ਕੂੜਾ ਇਕੱਠਾ ਕਰਨ ਤੇ ਉਸ ਦੇ ਸਹੀ ਨਿਪਟਾਰੇ ਦਾ ਪ੍ਰਬੰਧ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡ ਖਾਲੜਾ ਵਿਚ ਕੂੜੇ ਦਾ ਕੋਈ ਪੱਕਾ ਪ੍ਰਬੰਧ ਨਾ ਹੋਣ ਕਾਰਨ ਵੱਖ-ਵੱਖ ਥਾਵਾਂ ਅਤੇ ਗਲੀਆਂ ਵਿਚ ’ਚ ਗੰਦਗੀ ਦੇ ਢੇਰ ਲੱਗ ਜਾਂਦੇ ਸਨ। ਖ਼ਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਸੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸੰਬੰਧੀ ਪਿੰਡ ਖਾਲੜਾ ਦੇ ਸਰਪੰਚ ਸੁਖਦੇਵ ਸਿੰਘ ਸੋਨੀ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਪਿੰਡ ਵਿਚ ਕੂੜਾ ਪ੍ਰਬੰਧਨ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰ ਘਰ ਨੂੰ ਗਿੱਲੇ ਕੂੜੇ, ਸੁੱਕੇ ਕੂੜੇ ਤੇ ਪਲਾਸਟਿਕ ਵੇਸਟ ਲਈ ਵੱਖ-ਵੱਖ ਕੂੜਾਦਾਨ ਮੁਹੱਈਆ ਕਰਵਾਏ ਜਾਣਗੇ। ਸਰਪੰਚ ਨੇ ਦੱਸਿਆ ਕਿ ਕੂੜਾ ਇਕੱਠਾ ਕਰਨ ਲਈ ਸਫ਼ਾਈ ਕਰਮਚਾਰੀਆਂ ਦੇ ਨਾਲ ਇਕ ਟਰਾਲੀ ਵਾਲੀ ਗੱਡੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸਫ਼ਾਈ ਸੇਵਕ ਹਰ ਰੋਜ਼ ਘਰ-ਘਰ ਜਾ ਕੇ ਲੋਕਾਂ ਵਲੋਂ ਵੱਖ-ਵੱਖ ਕੀਤੇ ਕੂੜੇ ਨੂੰ ਇਕੱਠਾ ਕਰਨਗੇ ਤੇ ਇਸ ਦਾ ਢੁਕਵਾਂ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਪਿੰਡ ਦੀਆਂ ਗਲੀਆਂ, ਮੁਹੱਲਿਆਂ ਅਤੇ ਸਾਂਝੀਆਂ ਥਾਵਾਂ ’ਤੇ ਫੈਲੀ ਗੰਦਗੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਪਿੰਡ ਦਾ ਵਾਤਾਵਰਨ ਸਾਫ਼-ਸੁਥਰਾ ਬਣੇਗਾ। ਇਸ ਨਾਲ ਲੋਕਾਂ ਦੀ ਸਿਹਤ ’ਤੇ ਵੀ ਚੰਗਾ ਪ੍ਰਭਾਵ ਪਵੇਗਾ। ਇਸ ਮੌਕੇ ਪੰਚਾਇਤ ਵਿਭਾਗ ਵਲੋਂ ਪਹੁੰਚੇ ਪੰਚਾਇਤ ਸਕੱਤਰ ਗੁਰਸੇਵਕ ਸਿੰਘ ਨੇ ਸਮੂਹ ਪੰਚਾਇਤ ਮੈਂਬਰਾਂ ਨੂੰ ਸਵੱਛ ਭਾਰਤ ਮਿਸ਼ਨ ਦੇ ਕੰਮਾਂ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਪੂਰਾ ਕਰਨ ਦੀ ਸਹੁੰ ਚੁਕਾਈ। ਉਨ੍ਹਾਂ ਐਲਾਨ ਕੀਤਾ ਕਿ 15 ਅਗਸਤ ਤੋਂ ਇਸ ਪ੍ਰਾਜੈਕਟ ਦੀ ਸ਼ੁਰੂਆਤ ਪੂਰੇ ਉਤਸ਼ਾਹ ਨਾਲ ਕਰ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਸੋਨੀ, ਪੰਚ ਅਮਨਦੀਪ ਸਿੰਘ ਬਜਾਜ, ਪੰਚ ਗੁਰਦੇਵ ਸਿੰਘ ਸੋਨੂੰ, ਪੰਚਾਇਤ ਸਕੱਤਰ ਗੁਰਸੇਵਕ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦਿਹਾਤੀ ਮਜ਼ਦੂਰ ਸਭਾ ਦਾ ਪੁਲਿਸ ਚੌਕੀ ਤੂਤ ਅੱਗੇ ਵਿਸ਼ਾਲ ਧਰਨਾ ਅਗਲੀ ਖ਼ਬਰ ਤਰਨ ਤਾਰਨ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।