ਅੱਗ ਲੱਗਣ ਕਾਰਨ ਫਰਨੀਚਰ ਦਾ ਸ਼ੋਰੂਮ ਸੜ ਕੇ ਸੁਆਹ, ਲੱਖਾਂ ਰੁਪਏ ਦਾ ਨੁਕਸਾਨ
ਚੋਹਲਾ ਸਾਹਿਬ, 19 ਅਗਸਤ (ਬਲਵਿੰਦਰ ਸਿੰਘ ਚੋਹਲਾ)–ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਡੇਹਰਾ ਸਾਹਿਬ ਵਿਖੇ ਸਵੇਰੇ ਕਰੀਬ 11 ਵਜੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਫਰਨੀਚਰ ਦੇ ਸ਼ੋ-ਰੂਮ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ । ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦਿਆਂ ਹੀ ਦੇਖਦਿਆਂ ਪੂਰਾ ਸ਼ੋਅਰੂਮ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ ਅਤੇ ਅੰਦਰ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ।
ਚੋਹਲਾ ਸਾਹਿਬ, 19 ਅਗਸਤ (ਬਲਵਿੰਦਰ ਸਿੰਘ ਚੋਹਲਾ)–ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਡੇਹਰਾ ਸਾਹਿਬ ਵਿਖੇ ਸਵੇਰੇ ਕਰੀਬ 11 ਵਜੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਫਰਨੀਚਰ ਦੇ ਸ਼ੋ-ਰੂਮ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ । ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦਿਆਂ ਹੀ ਦੇਖਦਿਆਂ ਪੂਰਾ ਸ਼ੋਅਰੂਮ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ ਅਤੇ ਅੰਦਰ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਆਪਣੇ ਪੱਧਰ ’ਤੇ ਅੱਗ ’ਤੇ ਕਾਬੂ ਪਾਉਣ ਲਈ ਜੱਦੋਜਹਿਦ ਸ਼ੁਰੂ ਕਰ ਦਿੱਤੀ। ਸਥਾਨਕ ਲੋਕਾਂ ਦੀ ਕਰੀਬ ਡੇਢ ਤੋਂ ਦੋ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਅੱਗ ਕਾਰਨ ਸ਼ੋ-ਰੂਮ ਵਿਚ ਪਏ ਗੱਦੇ, ਬੈੱਡ ਅਤੇ ਹੋਰ ਫਰਨੀਚਰ ਦਾ ਸਮਾਨ ਪੂਰੀ ਤਰ੍ਹਾਂ ਸੜ ਗਿਆ, ਜਦਕਿ ਇਮਾਰਤ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਸ਼ੋਰੂਮ ਮਾਲਕ ਸੁਖਦੇਵ ਸਿੰਘ ਵਾਸੀ ਪਿੰਡ ਰਾਣੀਵਾਲਾ ਨੇ ਦੱਸਿਆ ਕਿ ਉਸ ਨੇ ਕਰੀਬ ਤਿੰਨ ਸਾਲ ਪਹਿਲਾਂ ਡੇਹਰਾ ਸਾਹਿਬ ਵਿਖੇ ਇਹ ਸ਼ੋਰੂਮ ਤਿਆਰ ਕੀਤਾ ਸੀ। ਉਸ ਅਨੁਸਾਰ ਸ਼ੋਰੂਮ ਤਿਆਰ ਕਰਨ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਉਸਨੇ ਬੈਂਕ ਤੋਂ ਕਰਜ਼ਾ ਲੈ ਕੇ ਪੂਰੀ ਰਕਮ ਲਗਾਈ ਸੀ । ਹੁਣ ਅੱਗ ਦੀ ਇਸ ਘਟਨਾ ਨੇ ਉਸ ਨੂੰ ਆਰਥਿਕ ਤੌਰ ’ਤੇ ਵੱਡਾ ਝਟਕਾ ਦਿੱਤਾ ਹੈ ਅਤੇ ਬੈਂਕ ਦੀਆਂ ਕਿਸ਼ਤਾਂ ਭਰਨੀਆਂ ਵੀ ਉਸ ਲਈ ਮੁਸ਼ਕਿਲ ਹੋ ਜਾਣਗੀਆਂ । ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ੋਰੂਮ ਵਿਚ ਗੱਦੇ, ਬੈੱਡ ਅਤੇ ਹੋਰ ਫਰਨੀਚਰ ਸਮੇਤ ਵੱਡੀ ਮਾਤਰਾ ਵਿਚ ਕੀਮਤੀ ਸਮਾਨ ਪਿਆ ਸੀ, ਜੋ ਅੱਗ ਦੀ ਲਪੇਟ ਵਿਚ ਆ ਕੇ ਪੂਰੀ ਤਰ੍ਹਾਂ ਤਬਾਹ ਹੋ ਗਿਆ। ਉਸਨੇ ਦੱਸਿਆ ਕਿ ਮੁੱਢਲੇ ਅੰਦਾਜ਼ੇ ਅਨੁਸਾਰ ਉਸਦਾ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਦੀ ਗਰਮੀ ਕਾਰਨ ਸ਼ੋਰੂਮ ਦੀ ਇਮਾਰਤ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਲੈਟਰ ਵੀ ਹੇਠਾਂ ਆ ਗਿਆ ਹੈ। ਸ਼ੋਰੂਮ ਮਾਲਕ ਨੇ ਦੱਸਿਆ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਮੁੱਢਲੇ ਤੌਰ ’ਤੇ ਬਿਜਲੀ ਦੀਆਂ ਤਾਰਾਂ ਵਿਚ ਹੋਏ ਸਪਾਰਕ ਜਾਂ ਵੈਲਡਿੰਗ ਮਸ਼ੀਨ ਵਿਚੋਂ ਨਿਕਲੀ ਚਿੰਗਾਰੀ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ। ਘਟਨਾ ਤੋਂ ਬਾਅਦ ਇਲਾਕੇ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਪੀੜਤ ਸ਼ੋਰੂਮ ਮਾਲਕ ਨੂੰ ਬਣਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਮੁੜ ਆਪਣਾ ਕਾਰੋਬਾਰ ਖੜ੍ਹਾ ਕਰ ਸਕੇ।