ਲੁਧਿਆਣਾ, 13 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਰਕਾਰੀ ਕਾਲਜ ਲੜਕੀਆਂ ਦੇ ਨੇੜੇ ਅੱਜ ਸਵੇਰੇ ਹੋਏ ਸੜਕ ਹਾਦਸੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ | ਮਿ੍ਤਕ ਦੀ ਸ਼ਨਾਖਤ ਤਰਸੇਮ ਸਿੰਘ (50) ਵਜੋਂ ਕੀਤੀ ਗਈ ਹੈ | ਉਹ ਪੁਲਿਸ ਕੁਆਰਟਰਾਂ ਵਿਚ ਰਹਿੰਦਾ ਸੀ | ਅੱਜ ਸਵੇਰੇ ਉਹ ਸੈਰ ਕਰਨ ਲਈ ਨਿਕਲਿਆ ਸੀ ਕਿ ਤੇਜ਼ ਰਫ਼ਤਾਰ ਦੇ ਟਰੱਕ ਨੇ ਉਸ ਨੂੰ ਲਪੇਟ ਵਿਚ ਲੈ ਲਿਆ | ਸਿੱਟੇ ਵਜੋਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਅੱਖੀਂ ਦੇਖਣ ਵਾਲੇ ਲੋਕਾਂ ਮੁਤਾਬਿਕ ਟਰੱਕ ਦੀ ਰਫ਼ਤਾਰ ਤੇਜ਼ ਸੀ ਅਤੇ ਕਾਫ਼ੀ ਦੂਰ ਤੱਕ ਟਰੱਕ ਚਾਲਕ ਉਸ ਨੂੰ ਘਸੀਟਦਾ ਹੋਇਆ ਨਾਲ ਲੈ ਗਿਆ | ਤਰਸੇਮ ਸਿੰਘ ਅਦਾਲਤੀ ਕੰਪਲੈਕਸ ਵਿਚ ਤੈਨਾਤ ਸੀ | ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ | ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਉਸ ਦੀ ਭਾਲ ਕਰ ਰਹੀ ਹੈ |