16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਖ਼ਿਲਾਫ਼ 'ਆਪ' ਨੇ ਘੇਰਿਆ ਕਾਂਗਰਸੀਆਂ ਦਾ ਦਫ਼ਤਰ

ਅਜੀਤ ਡੈਸਕ 14-02-2026
ਲੁਧਿਆਣਾ, 13 ਫਰਵਰੀ (ਡਾ. ਤਰਲੋਚਨ ਸਿੰਘ)-ਆਮ ਆਦਮੀ ਪਾਰਟੀ ਲੁਧਿਆਣਾ ਨੇ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ 'ਬੈਂਡ ਬਾਜਾ' ਵਾਲੀ ਟਿੱਪਣੀ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ | 'ਆਪ' ਵਰਕਰਾਂ ਨੇ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਫ਼ਤਰ ਦਾ ਘਿਰਾਓ ਵੀ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਰਾਜਾ ਵੜਿੰਗ ਦੇ ਦਫ਼ਤਰ ਦੇ ਬਾਹਰ ਬੈਂਡ ਵਜਾਇਆ | ਵਿਰੋਧ ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਪਾਰਟੀ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੀ ਹਾਰ ਤੋਂ ਦੁਖੀ ਹੈ ਅਤੇ ਆਪਣੀ ਕਾਰਗੁਜ਼ਾਰੀ ਨੂੰ ਦੇਖਦਿਆਂ ਲੱਗਦਾ ਹੈ ਕਿ ਉਹ ਅਗਲੀਆਂ ਚੋਣਾਂ ਵੀ ਹਾਰਨ ਜਾ ਰਹੀ ਹੈ | ਇਸ ਨਾਲ ਉਨ੍ਹਾਂ ਦੇ ਨਿੰਦਣਯੋਗ ਬਿਆਨ ਸਾਹਮਣੇ ਆ ਰਹੇ ਹਨ | ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਜਦੋਂ ਤੱਕ ਪ੍ਰਤਾਪ ਸਿੰਘ ਬਾਜਵਾ ਮੁਆਫ਼ੀ ਨਹੀਂ ਮੰਗਦੇ 'ਆਪ' ਕਾਂਗਰਸ 'ਤੇ ਹਮਲਾ ਕਰਦੀ ਰਹੇਗੀ | ਮੰਤਰੀ ਮੁੰਡੀਆਂ ਨੇ ਕਿਹਾ ਕਿ ਕਾਂਗਰਸ 'ਆਪ' ਸਰਕਾਰ ਤੋਂ ਦੁਖੀ ਹੈ | ਉਹ ਕਹਿੰਦੇ ਸਨ ਕਿ ਇਹ ਸਰਕਾਰ ਛੇ ਮਹੀਨਿਆਂ ਤੋਂ ਵੱਧ ਨਹੀਂ ਚੱਲੇਗੀ | ਪਰ ਹੁਣ ਸਰਕਾਰ ਸਫਲ ਹੋ ਗਈ ਹੈ | ਬੱਚਿਆਂ ਨੂੰ ਬਿਹਤਰ ਸਿੱਖਿਆ ਮਿਲ ਰਹੀ ਹੈ | ਬਿਜਲੀ ਦੇ ਬਿੱਲ ਮੁਆਫ਼ ਕੀਤੇ ਗਏ ਹਨ | ਬਜ਼ੁਰਗਾਂ ਨੂੰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ | ਆਮ ਆਦਮੀ ਪਾਰਟੀ ਇੱਕ ਵਾਰ ਫਿਰ ਪੰਜਾਬ ਵਿੱਚ 117 ਸੀਟਾਂ ਨਾਲ ਸਰਕਾਰ ਬਣਾਏਗੀ | ਮੁੰਡੀਆਂ ਨੇ ਅੱਗੇ ਕਿਹਾ ਕਿ 2027 ਵਿੱਚ ਪ੍ਰਤਾਪ ਬਾਜਵਾ ਖ਼ੁਦ ਆਪਣੇ ਹਲਕੇ ਤੋਂ ਚੋਣ ਨਹੀਂ ਲੜਨਗੇ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਉਹ ਇਸ ਵਾਰ ਹਾਰਨ ਵਾਲੇ ਹਨ | ਉਹ ਹੁਣ ਹੋਰ ਸੀਟਾਂ ਦੀ ਭਾਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਨੂੰ ਘੇਰਦੀ ਰਹੇਗੀ | ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਅੱਜ ਤੋਂ ਜ਼ਿਲ੍ਹਾ ਪੱਧਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ | ਇਸ ਮੌਕੇ ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਭੋਲਾ, ਸਰਬਜੀਤ ਕੌਰ ਮਾਣੂੰਕੇ(ਸਾਰੇ ਵਿਧਾਇਕ), ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਚੇਅਰਮੈਨ ਬਲਜਿੰਦਰ ਸਿੰਘ ਚੌਂਦਾ, ਚੇਅਰਮੈਨ ਗੁਰਜੀਤ ਸਿੰਘ ਗਿੱਲ, ਚੇਅਰਮੈਨ ਰਜਿੰਦਰ ਸਿੰਘ ਬਸੰਤ, ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਅਤੇ ਚੇਅਰਮੈਨ ਜਤਿੰਦਰ ਖੰਗੂੜਾ, ਜ਼ਿਲ੍ਹਾ ਪ੍ਰਧਾਨ ਦਿਹਾਤੀ-1 ਅਤੇ ਚੇਅਰਮੈਨ ਤੇਜਪਾਲ ਸਿੰਘ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ-2 ਗੁਰਦਰਸ਼ਨ ਸਿੰਘ ਘੁੱਲੀ, 'ਆਪ' ਦੇ ਸੀਨੀਅਰ ਆਗੂ ਐਨ.ਐਸ.ਕੰਗ, ਮਾਲਵਾ ਸੈਂਟਰਲ ਜੋਨ ਮਹਿਲਾ ਵਿੰਗ ਦੀ ਪ੍ਰਧਾਨ ਅਜਿੰਦਰ ਪਾਲ ਕੌਰ, ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਅਤੇ ਉਨ੍ਹਾਂ ਦੀ ਸਾਰੀ ਟੀਮ, ਲੁਧਿਆਣਾ ਸ਼ਹਿਰੀ ਐਸ.ਸੀ ਵਿੰਗ ਦੇ ਪ੍ਰਧਾਨ ਕਪਿਲ ਸਿੱਧੂ ਅਤੇ ਉਹਨਾਂ ਦੀ ਸਾਰੀ ਟੀਮ, ਲੁਧਿਆਣਾ ਯੂਥ ਵਿੰਗ ਦੇ ਪ੍ਰਧਾਨ ਅਮਰਿੰਦਰ ਸਿੰਘ ਐਮਪੀ ਜਵੱਦੀ ਅਤੇ ਉਹਨਾਂ ਦੀ ਟੀਮ ਦੇ ਨਾਲ ਜ਼ਿਲ੍ਹਾ ਲੁਧਿਆਣਾ ਸਕੱਤਰ ਐਡਵੋਕੇਟ ਨੀਤੀ ਗੁਪਤਾ, ਜ਼ਿਲ੍ਹਾ ਮੀਡੀਆ ਇੰਚਾਰਜ ਪੁਨੀਤ ਸਾਹਨੀ, ਐਡਵੋਕੇਟ ਪਰਮਵੀਰ ਸਿੰਘ, ਐਡਵੋਕੇਟ ਰਮੇਸ਼ ਕਪੂਰ, ਰਮੇਸ਼ ਅਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਿਲ ਹੋਏ |
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ 2 ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸਰ ਅਤੇ ਸਹਾਇਕ 30 ਹਜ਼ਾਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕ... ਅਗਲੀ ਖ਼ਬਰ ਸੜਕ ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।