ਲੁਧਿਆਣਾ, 13 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਾਈਬਰ ਕ੍ਰਾਈਮ ਦੀ ਪੁਲਿਸ ਨੇ ਕਾਰੋਬਾਰੀ ਅਤੇ ਓਸਵਾਲ ਗਰੱੁਪ ਦੇ ਮੁਖੀ ਸ੍ਰੀਪਾਲ ਓਸਵਾਲ ਨੂੰ ਡਿਜੀਟਲ ਅਰੈਸਟ ਕਰਕੇ ਉਸ ਪਾਸੋਂ 7 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਏ.ਸੀ.ਪੀ. ਮੁਰਾਦ ਜਸਵੀਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਅਰਪਿਤ ਰਠੋਰ ਵਜੋਂ ਕੀਤੀ ਗਈ ਹੈ | ਉਹ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਅੱਜਕੱਲ੍ਹ ਕਪੂਰਥਲਾ ਜੇਲ੍ਹ ਵਿਚ ਬੰਦ ਸੀ | ਪੁਲਿਸ ਵਲੋਂ ਉਸ ਨੂੰ ਉਥੋਂ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ ਗਿਆ ਹੈ | ਉਸ ਵਲੋਂ ਦਸੰਬਰ 2024 ਵਿਚ ਇਕ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਕੇ ਉਸ ਪਾਸੋਂ 7 ਕਰੋੜ ਦੀ ਠੱਗੀ ਕਰ ਲਈ ਸੀ | ਪੁਲਿਸ ਵਲੋਂ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਉਸ ਦਾ 15 ਫਰਵਰੀ ਤੱਕ ਪੁਲਿਸ ਰਿਮਾਂਡ ਦੇ ਦਿੱਤਾ | ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |