ਲੁਧਿਆਣਾ, 14 ਫਰਵਰੀ (ਡਾ. ਤਰਲੋਚਨ ਸਿੰਘ)-ਆਰਜੀ ਹਸਪਤਾਲ, ਫ਼ਿਰੋਜ਼ਪੁਰ ਰੋਡ, ਲੁਧਿਆਣਾ ਮਿਸ਼ਨ ਸਵਸਥ ਕਵਚ ਦਾ ਹਿੱਸਾ ਬਣ ਗਿਆ ਹੈ | ਮਿਸ਼ਨ ਸਵਸਥ ਕਵਚ ਇਕ ਜਨ ਸਿਹਤ ਜਾਗਰੂਕਤਾ ਮੁਹਿੰਮ ਹੈ, ਜਿਸ ਦਾ ਮਕਸਦ ਨਿਯਮਤ ਸਿਹਤ ਜਾਂਚ ਰਾਹੀਂ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ | ਇਸ ਮੁਹਿੰਮ ਦਾ ਉਦਘਾਟਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਹੀਰੋ ਹਾਰਟ ਡੀ.ਐਮ.ਸੀ. ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ, ਪ੍ਰਸਿੱਧ ਦਿਲ ਰੋਗਾਂ ਦੇ ਮਾਹਿਰ ਡਾ. ਬਿਸ਼ਵ ਮੋਹਨ ਨੇ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇਸ ਮੁਹਿੰਮ ਨੂੰ ਤੰਦਰੁਸਤ ਅਤੇ ਮਜ਼ਬੂਤ ਲੁਧਿਆਣਾ ਲਈ ਲੋਕਾਂ ਵਲੋਂ ਚਲਾਇਆ ਜਾਣ ਵਾਲਾ ਅੰਦੋਲਨ ਕਰਾਰ ਦਿੱਤਾ ਅਤੇ ਪ੍ਰਸ਼ਾਸਨ-ਅਕਾਦਮਿਕ-ਸਿਹਤ ਸਾਂਝ ਨੂੰ ਸਰਾਹਿਆ | ਉਨ੍ਹਾਂ ਨੇ ਪਿਛਲੇ ਸਾਲ ਇਸ ਦੀ ਸਫਲ ਸ਼ੁਰੂਆਤ ਦਾ ਸਿਹਰਾ ਡਾ. ਬਿਸ਼ਵ ਮੋਹਨ ਨੂੰ ਦਿੱਤਾ | ਉਨ੍ਹਾਂ ਕਿਹਾ ਕਿ ਹੁਣ ਇਸ ਮੁਹਿੰਮ ਨਾਲ ਜੁੜਦੇ ਹੋਏ ਆਰਜੀ ਹਸਪਤਾਲ, ਲੁਧਿਆਣਾ ਨੇ ਆਪਣੇ ਹਸਪਤਾਲ ਪਰਿਸਰ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਾਥੀਆਂ ਲਈ ਮੁਫ਼ਤ ਬਲੱਡ ਪ੍ਰੈਸ਼ਰ ਜਾਂਚ ਕਾਊਾਟਰ ਸਥਾਪਿਤ ਕੀਤਾ ਹੈ | ਇਸ ਦਾ ਮਕਸਦ ਉਨ੍ਹਾਂ ਲੋਕਾਂ ਦੀ ਪਹਿਚਾਣ ਕਰਨੀ ਹੈ, ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਬਾਰੇ ਪਤਾ ਨਹੀਂ ਜਾਂ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹੱਦ ਤੋਂ ਵੱਧ ਹੈ ਅਤੇ ਉਨ੍ਹਾਂ ਨੂੰ ਸਮੇਂ ਸਿਰ ਡਾਕਟਰੀ ਜਾਂਚ ਲਈ ਸਲਾਹ ਦੇਣਾ ਹੈ | ਇਸ ਮੌਕੇ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਰਾਜਿੰਦਰ ਬੰਸਲ ਨੇ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਇਕ ਮੂਕ ਮਹਾਂਮਾਰੀ ਹੈ | ਇਹ ਬਿਮਾਰੀ ਅਕਸਰ ਬਿਨਾਂ ਕਿਸੇ ਲੱਛਣ ਦੇ ਹੁੰਦੀ ਹੈ, ਜਦੋਂ ਇਹ ਦਿਲ ਦੇ ਦੌਰੇ ਜਾਂ ਸਟ੍ਰੋਕ ਦਾ ਕਾਰਨ ਬਣਦੀ ਹੈ, ਉਦੋਂ ਇਸ ਦੀ ਪਛਾਣ ਹੁੰਦੀ ਹੈ | ਰੋਜ਼ਾਨਾ ਦੀ ਟੈਨਸ਼ਨ, ਲੰਬੇ ਸਮੇਂ ਦਾ ਤਣਾਅ, ਵੱਧ ਨਮਕ ਵਾਲਾ ਖਾਣਾ, ਘੱਟ ਹਿਲਜੁਲ ਵਾਲੀ ਜੀਵਨਸ਼ੈਲੀ ਅਤੇ ਪਰਿਵਾਰਕ ਕਾਰਨਾਂ ਕਰਕੇ ਇਹ ਖਤਰਾ ਹੌਲੇ-ਹੌਲੇ ਵਧਦਾ ਰਹਿੰਦਾ ਹੈ ਅਤੇ ਸਾਲਾਂ ਤੱਕ ਨਸਾਂ ਨੂੰ ਕਮਜ਼ੋਰ ਕਰਦਾ ਰਹਿੰਦਾ ਹੈ | ''ਮਿਸ਼ਨ ਸਵਸਥ ਕਵਚU ਲੋਕਾਂ ਨੂੰ ਜਾਗਰੂਕ ਕਰਦਾ ਹੈ ਅਤੇ ਸਿਹਤਮੰਦ ਜੀਵਨ ਵੱਲ ਕਦਮ ਚੁੱਕਣ ਲਈ ਪ੍ਰੇਰਿਤ ਕਰਦਾ ਹੈ | ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਅਵਿਨਾਸ਼ ਓਝਾ ਨੇ ਮਿਸ਼ਨ ਸਵਸਥ ਕਵਚ ਨੂੰ ਪੂਰਾ ਸਮਰਥਨ ਦਿੱਤਾ ਹੈ, ਕਿਉਂਕਿ ਇਹ ਮੁਹਿੰਮ ਆਰਜੀ ਹਸਪਤਾਲ ਦੀ ਮਰੀਜ਼-ਕੇਂਦਰਿਤ ਦੇਖਭਾਲ ਅਤੇ ਸਮੁਦਾਇਕ ਸੇਵਾ ਦੇ ਉਦੇਸ਼ ਨਾਲ ਮਿਲਦੀ ਹੈ | ਆਸਾਨ ਜਾਂਚ ਅਤੇ ਮਾਹਿਰ ਡਾਕਟਰਾਂ ਦੀ ਸਲਾਹ ਦੇ ਕੇ ਆਰਜੀ ਹਸਪਤਾਲ, ਲੁਧਿਆਣਾ ਵਿਚ ਲੋਕਾਂ ਵਿਚ ਸਿਹਤ ਜਾਗਰੂਕਤਾ ਵਧਾਉਣ ਅਤੇ ਬਚਾਅਕਾਰੀ ਸਿਹਤ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ |