ਲੁਧਿਆਣਾ, 27 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਬਸੰਤ ਰੁੱਤ ਦੀ ਆਮਦ ਨੂੰ ਸਮਰਪਿਤ ਸਿੱਖ ਸਕੂਲ ਆਫ਼ ਮਿਊਜ਼ਿਕ ਵਲੋਂ ਬੀਤੀ ਰਾਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਪਹਿਲੇ ਤੰਤੀ ਸਾਜਾਂ ਦੇ ਨਾਲ ਵਿਸ਼ੇਸ਼ ਬਸੰਤ ਰਾਗ ਕੀਰਤਨ ਦਰਬਾਰ 'ਚ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਮੱਕੜ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਬਖਸ਼ੀ ਗੁਰਮਤਿ ਸੰਗੀਤ ਕਲਾ ਅਤੇ ਵਿਰਾਸਤੀ ਤੰਤੀ ਸਾਜ਼ਾਂ ਦੇ ਰਾਹੀਂ ਨਿਰਧਾਰਿਤ ਰਾਗਾਂ ਵਿਚ ਗੁਰਬਾਣੀ ਕੀਰਤਨ ਕਰਨ ਦੀ ਪੱਧਤੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਮਤਿ ਸੰਗੀਤ ਕਲਾ ਨੂੰ ਸੰਸਾਰ ਪੱਧਰ 'ਤੇ ਹੋਰ ਉਤਸ਼ਾਹਿਤ ਕਰਨ ਦੀ ਵੱਡੀ ਲੋੜ ਹੈ, ਤਾਂ ਹੀ ਅਸੀ ਆਪਣੀ ਰਵਾਇਤੀ ਪੁਰਾਤਨ ਕੀਰਤਨ ਸ਼ੈਲੀ ਦੀ ਕਲਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਵਿਚ ਸਫਲਤਾ ਪ੍ਰਾਪਤ ਕਰ ਸਕਾਂਗੇ | ਉਨ੍ਹਾਂ ਕਿਹਾ ਕਿ ਸਿੱਖ ਸਕੂਲ ਆਫ਼ ਮਿਊਜਿਕ ਲੁਧਿਆਣਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਆਯੋਜਿਤ ਕੀਤਾ ਗਿਆ ਤੰਤੀ ਸਾਜਾਂ ਨਾਲ ਗੁਰਬਾਣੀ ਕੀਰਤਨ ਦੀਆਂ ਛਹਿਬਰਾਂ ਲਗਾਉਣ ਵਾਲਾ ਪਹਿਲਾ ਬਸੰਤ ਰਾਗ ਕੀਰਤਨ ਦਰਬਾਰ ਆਪਣੇ ਵਿਚ ਇਕ ਵਿਲੱਖਣ ਤੇ ਮਿਸਾਲੀ ਕਾਰਜ ਹੈ ਜੋ ਕਿ ਸੰਗਤਾਂ ਅਤੇ ਗੁਰਮਤਿ ਸੰਗੀਤ ਪ੍ਰੇਮੀਆਂ ਲਈ ਇਕ ਯਾਦਗਾਰੀ ਕੀਰਤਨ ਦਰਬਾਰ ਹੋ ਨਿਬੜਿਆ ਹੈ | ਜਿਸ ਦੇ ਲਈ ਉਹ ਪ੍ਰੋ. ਗੁਰਸ਼ਰਨ ਸਿੰਘ ਜਵੱਦੀ ਅਤੇ ਗਿਆਨੀ ਦਵਿੰਦਰਪਾਲ ਸਿੰਘ ਦੇ ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਨੇ ਤੰਤੀ ਸਾਜਾਂ ਰਾਹੀਂ ਨਿਰਧਾਰਤ ਬਸੰਤ ਰਾਗ ਵਿਚ ਕੀਰਤਨ ਦਰਬਾਰ ਕਰਵਾਉਣ ਵਿਚ ਆਪਣੀ ਮੋਹਰੀ ਸੇਵਾ ਨਿਭਾਈ | |ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਪਹਿਲੇ ਬਸੰਤ ਰਾਗ ਕੀਰਤਨ ਦਰਬਾਰ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ ਅਤੇ ਤੰਤੀ ਸਾਜਾਂ ਰਾਹੀਂ ਨਿਰਧਾਰਤ ਬਸੰਤ ਰਾਗ ਵਿੱਚ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਕੀਰਤਨ ਦਰਬਾਰ ਦੌਰਾਨ ਸਟੇਜ ਸੈਕਟਰੀ ਦੀ ਸੇਵਾ ਗਿਆਨੀ ਦਵਿੰਦਰਪਾਲ ਸਿੰਘ ਨੇ ਬੜੀ ਬਾਖੂਬੀ ਨਾਲ ਨਿਭਾਈ ਤੇ ਆਪਣੇ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਕਰਦਿਆਂ ਹੋਇਆ ਕਿਹਾ ਕਿ ਤੰਤੀ ਸਾਜਾਂ ਰਾਹੀ ਨਿਰਧਾਰਤ ਰਾਗਾਂ ਵਿਚ ਕੀਰਤਨ ਕਰਨ ਦੀ ਆਰੰਭੀ ਗਈ ਕੀਰਤਨ ਦਰਬਾਰਾਂ ਦੀ ਲੜੀ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ | ਕੀਰਤਨ ਦਰਬਾਰ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਮਹਿੰਦਰ ਸਿੰਘ ਡੰਗ, ਅਤੱਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ, ਭੁਪਿੰਦਰ ਸਿੰਘ ਅਰੋੜਾ, ਹਰਪਾਲ ਸਿੰਘ ਖਾਲਸਾ, ਬਲਬੀਰ ਸਿੰਘ ਭਾਟੀਆ, ਗੁਰਦੀਪ ਸਿੰਘ ਡੀਮਾਰਟੇ, ਨਰਿੰਦਰਪਾਲ ਸਿੰਘ ਕਥੂਰੀਆਂ, ਸੁਰਿੰਦਰਪਾਲ ਸਿੰਘ ਭੁਟੀਆਨੀ, ਭੁਪਿੰਦਰ ਸਿੰਘ ਜੁਨੇਜਾ, ਹਰਮਿੰਦਰ ਸਿੰਘ ਕੋਹਲੀ, ਪਰਮਜੀਤ ਸਿੰਘ ਸੇਠੀ, ਅਵਤਾਰ ਸਿੰਘ ਬੀ.ਕੇ, ਹਰਮੀਤ ਸਿੰਘ ਡੰਗ, ਅਵਤਾਰ ਸਿੰਘ ਮਿੱਡਾ ਵਿਸੇਸ਼ ਤੌਰ 'ਤੇ ਹਾਜ਼ਰ ਸਨ |