ਹੰਬੜਾਂ, 28 ਫਰਵਰੀ (ਮੇਜਰ ਹੰਬੜਾਂ)-ਹਲਕਾ ਗਿੱਲ ਵਿਚ ਧਾਰਮਿਕ ਜਾਗਰੂਕਤਾ ਅਤੇ ਗੁਰਮਤਿ ਪ੍ਰਚਾਰ ਦੀ ਲਹਿਰ ਨੂੰ ਹੋਰ ਤੇਜ਼ ਕਰਨ ਦੇ ਉਦੇਸ਼ ਨਾਲ ਸਰਕਲ ਪ੍ਰਧਾਨ ਜਥੇ: ਕਰਮਜੀਤ ਸਿੰਘ ਮਲਕਪੁਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਤੇ ਖੇਤਰ ਅੰਦਰ ਧਾਰਮਿਕ ਪ੍ਰਚਾਰ ਨੂੰ ਮਜ਼ਬੂਤ ਬਣਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਨ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ, ਜਿਸ ਸਬੰਧੀ ਸ.ਧਾਮੀ ਨੇ ਵੱਡਾ ਹੁੰਗਾਰਾ ਭਰਦਿਆਂ ਧਰਮ ਪ੍ਰਚਾਰ ਲਹਿਰ ਨੂੰ ਤੇਜ਼ ਕੀਤੇ ਜਾਣ ਦਾ ਭਰੋਸਾ ਦਿੱਤਾ | ਮਲਕਪੁਰ ਨੇ ਪ੍ਰਧਾਨ ਧਾਮੀ ਨੂੰ ਅਪੀਲ ਕੀਤੀ ਕਿ ਉਹ ਧਰਮ ਪ੍ਰਚਾਰ ਕਮੇਟੀ ਅੰਮਿ੍ਤਸਰ ਦੇ ਸਹਿਯੋਗ ਨਾਲ ਹਲਕਾ ਗਿੱਲ ਅੰਦਰ ਸਥਿਤ ਇਤਿਹਾਸਕ ਗੁਰਧਾਮਾਂ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਅਤੇ ਗੁਰਦੁਆਰਾ ਥੜ੍ਹਾ ਸਾਹਿਬ ਦੇ ਪ੍ਰਚਾਰਕ ਜਥਿਆਂ ਰਾਹੀਂ ਨਿਯਮਿਤ ਤੌਰ 'ਤੇ ਪਿੰਡਾਂ ਵਿਚ ਧਾਰਮਿਕ ਦੀਵਾਨ, ਗੁਰਮਤਿ ਸਮਾਗਮ ਕਰਵਾਏ ਜਾਣ | ਸ: ਧਾਮੀ ਨੇ ਕਿਹਾ ਕਿ ਪਿੰਡ ਪੱਧਰ 'ਤੇ ਵਿਸ਼ੇਸ਼ ਧਾਰਮਿਕ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਤੇ ਉਨ੍ਹਾਂ ਜਥੇ: ਮਲਕਪੁਰ ਸਮੇਤ ਹੋਰ ਨੌਜਵਾਨਾਂ ਨੂੰ ਵੀ ਪ੍ਰਚਾਰ ਲਹਿਰ ਦਾ ਹਿੱਸਾ ਬਣਨ ਦੀ ਅਪੀਲ ਕੀਤੀ | ਸ਼੍ਰੋਮਣੀ ਕਮੇਟੀ ਮੈਂਬਰ ਕੇਵਲ ਸਿੰਘ ਬਾਦਲ ਨੇ ਪਤਿਤ ਹੋ ਰਹੀ ਨੌਜਵਾਨੀ ਦੇ ਮੁੱਦੇ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਸਮੇਂ-ਸਮੇਂ 'ਤੇ ਪ੍ਰਚਾਰ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਅਤੇ ਜਿੱਥੇ ਵੀ ਸੰਗਤ ਦੀ ਮੰਗ ਹੁੰਦੀ ਹੈ, ਉਥੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿਸ ਨਾਲ ਨੌਜਵਾਨਾਂ ਨੂੰ ਜੁੜਨ ਤੇ ਜੋੜੇ ਜਾਣ ਦੀ ਲੋੜ ਹੈ |