29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਦਿਹਾਤੀ ਇਲਾਕਿਆਂ ਦੀਆਂ ਖਸਤਾ ਹਾਲਤ ਸੜਕਾਂ ਤੋਂ ਇਲਾਕਾ ਵਾਸੀ ਭਾਰੀ ਪ੍ਰੇਸ਼ਾਨ <br/>

ਅਜੀਤ ਡੈਸਕ 29-03-2026
ਆਲਮਗੀਰ, 28 ਮਾਰਚ (ਜਰਨੈਲ ਸਿੰਘ ਪੱਟੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਦਾਅਵੇ ਕਿ ਦਿਹਾਤੀ ਇਲਾਕਿਆਂ ਵਿਚ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਗਈਆਂ ਹਨ, ਨੂੰ ਝੁਠਲਾਉਂਦੀਆਂ ਪੇਂਡੂ ਇਲਾਕਿਆਂ ਦੀਆਂ ਸੜਕਾਂ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੀਆਂ ਹਨ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਜਸਪਾਲ ਬਾਗੜ ਦੀ ਮੁੱਖ ਸੜਕ ਤੇ ਲੰਘਣ ਵਾਲੇ ਪਿੰਡ ਵਾਸੀਆਂ ਅਤੇ ਆਮ ਲੋਕਾਂ ਨੂੰ ਸੜਕ 'ਤੇ ਕਈ ਖ਼ਤਰਿਆਂ ਦਾ ਸਾਹਮਣਾ ਕਰਕੇ ਸਫ਼ਰ ਕਰਨ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ | ਇਲਾਕੇ ਦੇ ਵਸਨੀਕਾਂ ਨੇ ਸੜਕ ਦੀ ਅਤਿ ਖਸਤਾ ਹਾਲਤ ਤੇ ਬੋਲਦਿਆਂ ਕਿਹਾ ਕਿ ਇਹ 21ਵੀ ਸਦੀ ਦੇ ਵਿਸ਼ਵ ਗੁਰੂ ਬਣਨ ਦੀ ਚਾਹਤ ਰੱਖਣ ਵਾਲੇ ਭਾਰਤ ਦੇ ਪੇਡੂ ਇਲਾਕਿਆਂ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਹੀ ਹੈ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਸੜਕ ਉੱਪਰ ਢੰਡਾਰੀ, ਕੰਗਣਵਾਲ, ਈਸਟਮੈਨ ਚੌਂਕ ਆਦਿ ਇਲਾਕਿਆਂ ਨੂੰ ਜਾਣ ਵਾਲੇ ਵਪਾਰੀ, ਕਾਰਖ਼ਾਨੇਦਾਰ ਅਤੇ ਲੇਬਰ ਵਰਗ ਸਵੇਰੇ ਸ਼ਾਮ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨਾਂ/ਸਾਈਕਲਾਂ 'ਤੇ ਸਫ਼ਰ ਕਰਦੇ ਹਨ | ਪਰ ਸੜਕ ਵਿੱਚ ਪਏ ਵੱਡੇ ਵੱਡੇ ਖੱਡਿਆਂ ਕਾਰਨ ਕਿਸੇ ਵਾਹਨ ਦੇ ਪਲਟਣ ਜਾਂ ਆਪਸ ਵਿੱਚ ਟਕਰਾਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਇਸ ਦੇ ਨਾਲ ਹੀ ਦੋ ਪਹੀਆ ਵਾਹਨ ਚੱਲਦੇ ਸਮੇਂ ਇੰਨੇ ਉਛਲਦੇ ਹਨ ਕਿ ਵਾਹਨ ਚਾਲਕ ਦੇ ਡਿੱਗਣ ਅਤੇ ਐਕਸੀਡੈਂਟ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ | ਭਾਵੇਂ ਕਿ ਜਸਪਾਲ ਬਾਂਗਰ ਦੀ ਮੁੱਖ ਸੜਕ 'ਤੇ ਪੈਣ ਵਾਲਾ ਦੱਖਣੀ ਬਾਈਪਾਸ ਨਹਿਰ ਦਾ ਪੁਲ ਦੀ ਚੌੜਾਈ ਨੂੰ ਵਧਾ ਦਿੱਤਾ ਗਿਆ ਹੈ, ਪ੍ਰੰਤੂ ਉਸ ਤੋਂ ਅੱਗੇ ਸੜਕ ਨੂੰ ਠੋਸ ਤਰੀਕੇ ਨਾਲ ਨਾ ਬਣਾਏ ਜਾਣ ਕਾਰਨ ਸੜਕ ਦਿਨਾਂ ਵਿੱਚ ਹੀ ਖਿੱਲਰ ਕੇ ਆਪਣੇ ਪਹਿਲੇ ਰੂਪ ਵਿੱਚ ਆ ਜਾਂਦੀ ਹੈ | ਲੋਕਾਂ ਨੇ ਸੂਬਾ ਸਰਕਾਰ ਅਤੇ ਡਿਪਟੀ ਕਮਿਸ਼ਨਰ (ਵਿਕਾਸ) ਤੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਇਸ ਸੜਕ ਦੀ ਹਾਲਤ ਸੁਧਾਰਨ ਵੱਲ ਪਹਿਲ ਦੇ ਆਧਾਰ 'ਤੇ ਧਿਆਨ ਦਿੱਤਾ ਜਾਵੇ | ਇਸੇ ਤਰ੍ਹਾਂ ਸਥਾਨਕ ਸੂਆ ਰੋਡ, ਜੋ ਕਿ ਅੱਗੇ ਚੱਲ ਕੇ ਗੁਰੂ ਨਾਨਕ ਨਗਰ ਗਿੱਲ ਆਦਿ ਨੂੰ ਜੋੜਦੀ ਹੈ, ਬੀਤੇ ਲੰਬੇ ਸਮੇਂ ਤੋਂ ਇੱਕ ਤਰਫਾ ਹੀ ਚੱਲ ਰਹੀ ਹੈ, ਕਿਉਂਕਿ ਇੱਕ ਪਾਸੇ ਵਾਲੀ ਸੜਕ ਦੀ ਖਸਤਾ ਹਾਲਤ ਕਾਰਨ ਵਾਹਨ ਤਾਂ ਦੂਰ ਦੀ ਗੱਲ ਪੈਦਲ ਚੱਲਣਾ ਵੀ ਮੁਹਾਲ ਹੈ | ਸੜਕ ਕਿਨਾਰੇ ਰੋਜ਼ੀ ਰੋਟੀ ਕਮਾ ਰਹੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ ਦੀ ਖਸਤਾ ਹਾਲਤ ਕਾਰਨ ਉਹਨਾਂ ਦੀ ਦੁਕਾਨ ਹਰ ਵੇਲੇ ਮਿੱਟੀ ਧੂੜ ਆਦਿ ਨਾਲ ਭਰੀ ਰਹਿੰਦੀ ਹੈ, ਜਿਸ ਦੀ ਸਾਫ਼ ਸਫ਼ਾਈ ਵਿੱਚ ਹੀ ਦਿਨ ਨਿਕਲ ਜਾਂਦਾ ਹੈ, ਗਾਹਕ ਤਾਂ ਕੋਈ ਟਾਂਵਾਂ ਟਾਂਵਾਂ ਹੀ ਆਉਂਦਾ ਹੈ | ਇਲਾਕਾ ਨਿਵਾਸੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਜ਼ੋਰਦਾਰ ਮੰਗ ਹੈ ਕਿ ਉਕਤ ਸੜਕ ਨੂੰ ਪਹਿਲ ਦੇ ਆਧਾਰ 'ਤੇ ਨਵਿਆਕੇ ਸਾਡੀ ਪਰੇਸ਼ਾਨੀ ਦਾ ਹੱਲ ਕੀਤਾ ਜਾਵੇ |
ਇਸ ਸਬੰਧੀ ਜਦੋਂ ਵਧੇਰੇ ਜਾਣਕਾਰੀ ਲੈਣ ਲਈ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨਾਲ ਦਫ਼ਤਰ/ਟੈਲੀਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਅੱਗੋਂ ਇਕ ਹੀ ਜਵਾਬ ਮਿਲਦਾ ਹੈ ਕਿ ਐਮ. ਐਲ. ਏ. ਸਾਹਿਬ ਮੀਟਿੰਗ 'ਤੇ ਗਏ ਹਨ |
ਕੀ ਕਹਿਣਾ ਹੈ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦਾ
ਇਸ ਸਬੰਧੀ ਜਦੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਜਸਪਾਲ ਬਾਂਗਰ ਨਹਿਰ ਪੁਲ ਅਤੇ ਪਿੰਡ ਦੀ ਮੁੱਖ ਸੜਕ ਨੂੰ ਪੱਕਾ ਬਣਾਇਆ ਗਿਆ ਸੀ, ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਮੌਕੇ ਪਿਛਲੇ ਚਾਰ ਸਾਲਾਂ ਦੌਰਾਨ ਸੜਕ ਦੀ ਨਾ ਤਾਂ ਰਿਪੇਅਰ ਕੀਤੀ ਗਈ ਅਤੇ ਨਾ ਹੀ ਸੜਕ ਨੂੰ ਨਵੇਂ ਸਿਰ ਬਣਾਉਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੁਣ ਕੀ ਉਮੀਦ ਕੀਤੀ ਜਾ ਸਕਦੀ ਹੈ ਜਦ ਸਰਕਾਰ ਦੇ ਜਾਣ ਵਿੱਚ ਮਹੀਨੇ ਹੀ ਕੁਝ ਬਚੇ ਹੋਣ | ਸ. ਵੈਦ ਨੇ ਕਿਹਾ ਕਿ ਪੱਦੀ ਅਤੇ ਘਵੱਦੀ ਵਾਲਾ ਪੁਲ ਵੀ ਕਾਂਗਰਸ ਸਰਕਾਰ ਵੇਲੇ ਮਨਜ਼ੂਰ ਕਰਵਾਇਆ ਗਿਆ ਸੀ ਜਿਸ ਉੱਪਰ ਕੇ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਬੋਰਡ ਲਗਵਾ ਕੇ ਹਲਕਾ ਵਾਸੀਆਂ ਨੂੰ ਗੁਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ | ਪਰ ਸੂਝਵਾਨ ਇਲਾਕਾ ਵਾਸੀ ਸਾਰੀ ਸਥਿਤੀ ਤੋਂ ਜਾਣੂ ਹਨ | ਉਹਨਾਂ ਨੇ ਹਲਕਾ ਵਾਸੀਆਂ ਨੂੰ ਵਿਸ਼ਵਾਸ ਨਾਲ ਕਿਹਾ ਕਿ ਆਗਾਮੀ 2027 ਦੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਆ ਰਹੀ ਹੈ ਅਤੇ ਸਰਕਾਰ ਦੇ ਗਠਨ ਹੁੰਦਿਆਂ ਸਾਰ ਹਲਕੇ ਸਮੂਹ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇਗਾ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਪੂਰੀ ਦਿ੍ੜ੍ਹਤਾ ਨਾਲ ਕਿਸਾਨੀ ਅਤੇ ਪਾਣੀਆਂ ਦੀ ਰਾਖੀ ਕਰਨ ਵਾਲੀ ਪੰਜਾਬ ਦੀ ਇਕਲੌਤੀ ਖੇਤਰੀ ਪ... ਅਗਲੀ ਖ਼ਬਰ ਈ.ਡਬਲਯੂ.ਐਸ. ਕਾਲੋਨੀ ਵਿਚ ਹਥਿਆਰਬੰਦ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਇਕ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।