ਲੁਧਿਆਣਾ, 30 ਅਪ੍ਰੈਲ (ਜਸਵਿੰਦਰ ਸਿੰਘ)-ਪੀ.ਏ.ਯੂ. ਵਿਖੇ ਇਕ ਉੱਚ ਪੱਧਰੀ ਗੱਲਬਾਤ ਦੌਰਾਨ ਖੇਤੀ ਉਦਯੋਗ ਨਾਲ ਸੰਬੰਧਿਤ ਪ੍ਰਸਿੱਧ ਕੰਪਨੀਆਂ ਨਾਲ ਵਿਚਾਰ-ਚਰਚਾ ਹੋਈ | ਪੰਜਾਬ ਦੀ ਖੇਤੀ ਨੂੰ ਨਵੀਂ ਅਤੇ ਸਥਿਰ ਦਿਸ਼ਾ ਪ੍ਰਦਾਨ ਕਰਨ ਲਈ ਕਰੌਪ ਲਾਈਫ਼ ਇੰਡੀਆ ਨਾਲ ਵਿਸ਼ੇਸ਼ ਮੁਲਾਕਾਤ ਕਰਵਾਈ ਗਈ | ਇਸ ਬੈਠਕ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ, ਜਦਕਿ ਪੀ.ਏ.ਯੂ. ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਸ ਮੌਕੇ ਖੇਤੀ ਲਾਗਤਾਂ ਨਾਲ ਸੰਬੰਧਿਤ ਉੱਘੀਆਂ ਕੰਪਨੀਆਂ ਜਿਵੇਂ ਸਿੰਜੈਂਟਾ ਇੰਡੀਆ ਪ੍ਰਾਈਵੇਟ ਲਿਮਟਿਡ, ਬਾਇਰ, ਕੋਰਟੇਵਾ ਐਗਰੀ ਸਾਇੰਸ, ਧਾਨੁਕਾ ਐਗਰੀਟੈੱਕ ਲਿਮਟਿਡ, ਰੈਲੀਸ ਇੰਡੀਆ ਲਿਮਟਿਡ, ਭਾਰਤ ਸੈਰਟਿਸ ਐਗਰੀ ਸਾਇੰਸ ਲਿਮਟਿਡ ਅਤੇ ਗੋਦਰੇਜ ਐਗਰੋਬੈੱਟ ਲਿਮਟਿਡ ਪ੍ਰਮੁੱਖ ਹਨ | ਇਸ ਗੱਲਬਾਤ ਦਾ ਮੰਤਵ ਪੰਜਾਬ ਦੀ ਖੇਤੀ ਵਿਚ ਨਵੀਨਤਾ ਅਤੇ ਵਿਗਿਆਨਕ ਵਿਧੀਆਂ ਬਾਰੇ ਵਿਚਾਰ-ਚਰਚਾ ਕਰਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਫੈਲੋਸ਼ਿਪ ਪ੍ਰੋਗਰਾਮ ਨੂੰ ਪੀ.ਏ.ਯੂ. ਵਿਖੇ ਮਜ਼ਬੂਤ ਕਰਨਾ ਸੀ ਤਾਂ ਜੋ ਖੇਤੀ ਚੁਨੌਤੀਆਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਭਵਿੱਖ ਲਈ ਸਿਆਣੇ ਵਿਗਿਆਨੀ ਪੈਦਾ ਕੀਤੇ ਜਾ ਸਕਣ | ਇਸ ਮੀਟਿੰਗ ਵਿਚ ਭਾਗ ਲੈਣ ਵਾਲੀਆਂ ਧਿਰਾਂ ਨੇ ਗੱਲਬਾਤ ਦੌਰਾਨ ਅਜਿਹੀਆਂ ਕਿਸਮਾਂ ਦੇ ਵਿਕਾਸ ਬਾਰੇ ਸਹਿਮਤੀ ਬਣੀ, ਜਿਹੜੀਆਂ ਅੱਜ ਦੇ ਯੁੱਗ ਦੀਆਂ ਪੋਸ਼ਣ ਲੋੜਾਂ ਪੂਰੀਆਂ ਕਰਦੀਆਂ ਹੋਣ ਅਤੇ ਨਾਲ ਹੀ ਕੀੜਿਆਂ ਅਤੇ ਬਿਮਾਰੀਆਂ ਦੇ ਨਾਲ-ਨਾਲ ਮੌਸਮੀ ਚੁਨੌਤੀਆਂ ਸਾਹਵੇਂ ਢੁਕਵੀਆਂ ਹੋਣ | ਇਕ ਹੋਰ ਤਜਵੀਜ਼ ਅਨੁਸਾਰ ਪੰਜਾਬ ਨੂੰ ਬੀਜ ਉਤਪਾਦਨ ਦਾ ਧੁਰਾ ਬਣਾਉਣ ਦੇ ਸੁਝਾਵਾਂ ਬਾਰੇ ਚਰਚਾ ਹੋਈ | ਇਸ ਤੋਂ ਇਲਾਵਾ ਬਾਸਮਤੀ ਦੇ ਮਿਆਰ ਨੂੰ ਸੁਧਾਰਨ ਲਈ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰਨ ਬਾਰੇ ਵੀ ਸਹਿਮਤੀ ਬਣੀ |