ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੋਤੀ ਨਗਰ ਵਿਚ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਇਕ ਔਰਤ ਪਾਸੋਂ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਸੁਸ਼ੀਲਾ ਨਾਮੀ ਔਰਤ ਘਰ ਦੇ ਬਾਹਰ ਬੈਠੀ ਮੋਬਾਈਲ 'ਤੇ ਗੱਲ ਕਰ ਰਹੀ ਸੀ ਕਿ ਇਸ ਦੌਰਾਨ ਲੁਟੇਰੇ ਉਥੇ ਆਏ ਅਤੇ ਉਨ੍ਹਾਂ ਨੇ ਉਸ ਦਾ ਮੋਬਾਈਲ ਖੋਹ ਲਿਆ | ਔਰਤ ਵਲੋਂ ਉੱਥੇ ਰੋਲਾ ਵੀ ਪਾਇਆ ਗਿਆ ਅਤੇ ਇਸ ਦੌਰਾਨ ਲੁਟੇਰੇ ਮੋਟਰਸਾਈਕਲ 'ਤੇ ਸੁਸ਼ੀਲਾ ਨਾਮੀ ਇਸ ਔਰਤ ਨੂੰ ਘੜੀਸਦੇ ਹੋਏ ਕੁੱਝ ਦੂਰੀ ਤੱਕ ਲੈ ਗਏ, ਜਿਸ ਕਾਰਨ ਸੁਸ਼ੀਲਾ ਦੇ ਸੱਟਾਂ ਵੀ ਲੱਗੀਆਂ ਹਨ | ਲੁਟੇਰਿਆਂ ਵਲੋਂ ਕੀਤੀ ਗਈ ਇਹ ਘਟਨਾ ਉੱਥੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਆਧਾਰ 'ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਲੁਟੇਰਿਆਂ ਦਾ ਪਤਾ ਨਹੀਂ ਲੱਗਾ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ |