ਘਰ ਦੇ ਤਾਲੇ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ <br/>
ਅਜੀਤ ਡੈਸਕ
12-05-2026
ਗੁਆਂਢੀਆਂ ਵਲੋਂ ਕੀਤੇ ਹਮਲੇ 'ਚ ਇਕ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ
ਸਥਾਨਕ ਕਰਤਾਰ ਨਗਰ ਵਿਚ ਗੁਆਂਢੀਆਂ ਵਲੋਂ ਕੀਤੇ ਹਮਲੇ ਵਿਚ ਇਕ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ ਹੋ ਗਏ ਹਨ | ਪੁਲਿਸ ਵਲੋਂ ਇਸ ਮਾਮਲੇ ਵਿਚ ਕਰਤਾਰ ਨਗਰ ਦੀ ਰਹਿਣ ਵਾਲੀ ਖੁਸ਼ੀ ਪੁੱਤਰੀ ਮੁਕੇਸ਼ ਕੁਮਾਰ ਦੀ ਸ਼ਿਕਾਇਤ 'ਤੇ ਵਿੱਕੀ, ਸੁਮਿਤ, ਸੁਨੀਤਾ, ਸ਼ਿਵਾਨੀ ਅਤੇ ਹੋਰਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਉਸ ਦੀ ਅਤੇ ਉਸ ਦੇ ਤਿੰਨ ਹੋਰ ਪਰਿਵਾਰਕ ਮੈਂਬਰਾਂ ਉਸ ਦੀ ਦਾਦੀ, ਭਰਾ ਅਤੇ ਭੈਣ ਦੀ ਬੂਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ | ਲੜਾਈ ਦਾ ਕਾਰਨ ਨਿੱਜੀ ਵਿਵਾਦ ਦੱਸਿਆ ਜਾਂਦਾ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
ਨਾਜਾਇਜ਼ ਸ਼ਰਾਬ ਸਮੇਤ ਕਾਬੂ
ਪੁਲਿਸ ਨੇ ਬੀਰਬਲ ਉਰਫ ਬੀਰਪਾਲ ਵਾਸੀ ਪੰਜਾਬੀ ਬਾਗ ਕਾਲੋਨੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਇਸ ਧੰਦੇ ਵਿਚ ਸੀ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸ਼ਰਾਬ ਸਪਲਾਈ ਕਰਦਾ ਸੀ | ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ |
ਸੁਰੱਖਿਆ ਮੁਲਾਜ਼ਮ ਵਲੋਂ ਚੋਰੀ
ਪੁਲਿਸ ਨੇ ਰੀਨਾ ਖੁਰਾਨਾ ਵਾਸੀ ਰਿਸ਼ੀ ਨਗਰ ਦੀ ਸ਼ਿਕਾਇਤ 'ਤੇ ਉਸ ਦੀ ਕੰਪਨੀ ਦੇ ਸੁਰੱਖਿਆ ਮੁਲਾਜ਼ਮ ਸੰਜੀਵ ਕੁਮਾਰ ਵਾਸੀ ਮੁੱਲਾਂਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਗੁਰਦੇਵ ਨਗਰ ਸਥਿਤ ਨਿਊਟਰੀ ਮੈਕਸ ਫੂਡ ਪ੍ਰਾਈਵੇਟ ਲਿਮਟਿਡ ਵਿਚ ਕੰਮ ਕਰਦੀ ਹੈ | ਬੀਤੇ ਦਿਨ ਕਥਿਤ ਦੋਸ਼ੀ ਵਲੋਂ ਕੰਪਨੀ ਦਾ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰ ਲਿਆ ਤੇ ਫ਼ਰਾਰ ਹੋ ਗਿਆ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਦੋਸ਼ੀ ਫ਼ਰਾਰ ਦੱਸਿਆ ਜਾਂਦਾ ਹੈ | ਪੁਲਿਸ ਉਸ ਦੀ ਭਾਲ ਕਰ ਰਹੀ ਹੈ |
ਨਸ਼ਾ ਕਰਦੇ ਕਾਬੂ
ਪੁਲਿਸ ਨੇ ਸਲੇਮ ਟਾਬਰੀ ਨੇੜਿਓਾ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਗੁਰਪ੍ਰੀਤ ਕਾਲੋਨੀ ਨੂੰ ਨਸ਼ਾ ਕਰਦੇ ਕਾਬੂ ਕੀਤਾ ਹੈ | ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਕੁੱਝ ਸਾਮਾਨ ਵੀ ਬਰਾਮਦ ਕੀਤਾ ਹੈ | ਦੂਜੇ ਮਾਮਲੇ ਵਿਚ ਪੁਲਿਸ ਨੇ ਗੁਰਵਿੰਦਰ ਕਲੇਰ ਵਾਸੀ ਗੁਰਾਇਆਂ ਨੂੰ ਵੀ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਨਸ਼ਾ ਬਰਾਮਦ ਕੀਤਾ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਕੈਲਾਸ਼ ਨਗਰ ਰੋਡ 'ਤੇ ਸ਼ਰ੍ਹੇਆਮ ਨਸ਼ਾ ਕਰ ਰਿਹਾ ਸੀ | ਤੀਜੇ ਮਾਮਲੇ ਵਿਚ ਪੁਰਾਣਾ ਕਿਲ੍ਹਾ ਮੁਹੱਲਾ ਨੇੜੇ ਨਸ਼ਾ ਕਰ ਰਹੇ ਸੋਮਨਾਥ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ | ਪੁਲਿਸ ਵਲੋਂ ਇਹਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਇਕ ਹੋਰ ਅਜਿਹੇ ਮਾਮਲੇ ਵਿਚ ਪੁਲਿਸ ਨੇ ਲੱਕੀ ਵਾਸੀ ਹੈਬੋਵਾਲ ਕਲਾਂ ਨੂੰ ਹੈਬੋਵਾਲ ਕਲਾਂ ਵਿਚੋਂ ਹੀ ਨਸ਼ਾ ਕਰਦੇ ਕਾਬੂ ਕੀਤਾ ਹੈ |