ਆਲਮਗੀਰ, 17 ਮਈ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ, ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕੱਲੀ ਸਿੱਖ ਕੌਮ ਦੇ ਹੀ ਨਹੀਂ ਬਲਕਿ ਪੂਰੀ ਮਾਨਵਤਾ ਦੇ ਗੁਰੂ ਹਨ ਅਤੇ ਗੁਰੂ ਨੂੰ ਪਿਆਰ ਕਰਨ ਵਾਲਾ ਹਰ ਇਕ ਸ਼ਖਸ ਚਾਹੁੰਦਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣ, ਪਰ ਪੰਜਾਬ ਸਰਕਾਰ ਵਲੋਂ ਜਾਗਤ ਜੋਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਵਿਚ ਦਰਜ ਸ਼ਬਦ ਕਸਟੋਡੀਅਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਕ ਧਿਰ ਗ੍ਰੰਥੀ ਤੇ ਅਖੰਡ ਪਾਠੀ ਸਿੰਘਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪਾਠ ਕਰਵਾਉਣ ਵਾਲੀ ਸੰਗਤ ਸ਼ਰਧਾਲੂ ਸਿੱਖਾਂ ਨੂੰ ਸਿੱਧੇ ਤੌਰ 'ਤੇ ਬੇਅਦਬੀ ਜਾਂ ਮਰਯਾਦਾ ਦੀ ਉਲੰਘਣਾ ਦੇ ਮਾਮਲੇ ਵਿਚ ਜ਼ਿੰਮੇਵਾਰ ਬਣਾ ਕੇ ਉਨ੍ਹਾਂ ਨੂੰ ਪੰਜ ਸਾਲ ਦੀ ਕੈਦ ਅਤੇ 10 ਲੱਖ ਰੁਪਏ ਤੱਕ ਜੁਰਮਾਨੇ ਦੇ ਘੇਰੇ ਵਿਚ ਲਿਆਂਦਾ ਹੈ, ਜਿਸ 'ਤੇ ਸਮੂਹ ਸਿੱਖ ਸੰਗਤ ਅਖੰਡ ਪਾਠੀ ਸਿੰਘਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਵੱਡਾ ਇਤਰਾਜ਼ ਜਤਾਇਆ ਜਾ ਰਹਾ ਹੈ | ਮੈਂਬਰ ਜਥੇਦਾਰ ਆਲਮਗੀਰ ਤੇ ਜਥੇਦਾਰ ਜੱਲ੍ਹਾ ਨੇ ਕਿਹਾ ਕਿ ਐਕਟ ਵਿਚ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਨੂੰ ਕਾਨੂੰਨੀ ਉਲੰਘਣਾ ਵਜੋਂ ਦੋਸ਼ ਦੇ ਘੇਰੇ ਵਿਚ ਲਿਆ ਕੇ ਸਜ਼ਾ ਦੇਣ ਦਾ ਵਿਧਾਨ ਬਣਾਇਆ ਗਿਆ ਹੈ, ਜਿਸ ਨਾਲ ਸੰਗਤ ਅੰਦਰ ਵੱਡਾ ਡਰ ਪੈਦਾ ਹੋਇਆ ਹੈ, ਜਦੋਂ ਕਿ ਮਰਯਾਦਾ ਦਾ ਮਾਮਲਾ ਸਿੱਖ ਕੌਮ ਦਾ ਆਪਣਾ ਅੰਦਰੂਨੀ ਮਾਮਲਾ ਹੈ, ਜਿਸ ਨੂੰ ਨਜਿੱਠਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਹਨ ਅਤੇ ਸਰਕਾਰ ਦਾ ਦਖ਼ਲ ਕੌਮੀ ਪਰੰਪਰਾਵਾਂ ਤੇ ਰਵਾਇਤਾਂ ਦੀ ਉਲੰਘਣਾ ਹੈ | ਐਕਟ ਅਨੁਸਾਰ ਮਰਯਾਦਾ ਦੀ ਉਲੰਘਣਾ ਦੇ ਮਾਮਲੇ ਵਿਚ ਪੁਲਿਸ ਗੁਰਦੁਆਰਾ ਸਾਹਿਬਾਨ ਅੰਦਰ ਸਿੱਧਾ ਦਖ਼ਲ ਦੇਵੇਗੀ ਅਤੇ ਕਿਸੇ ਵੀ ਸਿੱਖ 'ਤੇ ਪਰਚਾ ਦਰਜ ਕਰਕੇ ਗਿ੍ਫ਼ਤਾਰ ਕਰ ਸਕਦੀ ਹੈ | ਐਕਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਨਾਲ ਜੁੜੀ ਸ਼ਬਦਾਵਲੀ ਅਤੇ ਅਸਥਾਨਾਂ ਨੂੰ ਸਿੱਖ ਭਾਵਨਾਵਾਂ ਅਨੁਸਾਰ ਪਰਿਭਾਸ਼ਿਤ ਨਹੀਂ ਕੀਤਾ ਗਿਆ, ਜਿਨ੍ਹਾਂ ਨੂੰ ਬਦਲ ਕੇ ਸਿੱਖ ਭਾਵਨਾਵਾਂ ਅਤੇ ਗੁਰੂ ਸਾਹਿਬ ਜੀ ਦੇ ਸਤਿਕਾਰ ਅਨੁਸਾਰ ਸ਼ਬਦ ਦਰਜ ਕੀਤੇ ਜਾਣੇ ਚਾਹੀਦੇ ਹਨ | ਜਥੇਦਾਰ ਆਲਮਗੀਰ ਤੇ ਜਥੇਦਾਰ ਜੱਲ੍ਹਾ ਨੇ ਕਿਹਾ ਕਿ ਖ਼ਾਲਸਾ ਪੰਥ ਸੁਚੇਤ ਹੋਵੇ ਅਤੇ ਇਤਰਾਜ਼ਾਂ ਦੇ ਮੱਦੇਨਜ਼ਰ ਆਪਣੀ ਆਵਾਜ਼ ਉਠਾਏ ਤਾਂ ਜੋ ਪੰਥਕ ਮਸਲਿਆਂ ਵਿਚ ਸਰਕਾਰ ਦੀ ਦਖ਼ਲਅੰਦਾਜ਼ੀ ਰੋਕੀ ਜਾ ਸਕੇ | ਇਸ ਮੌਕੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ, ਜਥੇਦਾਰ ਜਸਵੰਤ ਸਿੰਘ ਹਰਨਾਮਪੁਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ, ਤਲਵਿੰਦਰ ਸਿੰਘ ਮੁਲਤਾਨੀ ਸਮੇਤ ਹੋਰ ਵੀ ਗੁਰੂ ਘਰ ਦੇ ਪ੍ਰੇਮੀ ਹਾਜ਼ਰ ਸਨ |