ਲੁਧਿਆਣਾ, 17 ਮਈ (ਡਾ. ਤਰਲੋਚਨ ਸਿੰਘ)-ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਅੱਜ ਸੈਕਟਰ 32 ਅਤੇ 39 ਤੋਂ ਇਲਾਵਾ ਤਾਜਪੁਰ ਰੋਡ, ਮੋਤੀ ਨਗਰ ਅਤੇ ਹੋਰਨਾਂ ਇਲਾਕਿਆਂ 'ਚ 4.5 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਪਾਈ ਜਾ ਰਹੀ ਸੀਵਰੇਜ ਲਾਈਨ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਅਤੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ 32 ਅਤੇ 39 ਸੈਕਟਰ ਤੋਂ ਇਲਾਵਾ ਤਾਜਪੁਰ ਰੋਡ ਦੇ ਇਲਾਕਾ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਅੱਜ ਕਰੀਬ 4.5 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਸੀਵਰੇਜ ਲਾਈਨ ਵਿਛਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਜਲਦ ਹੀ ਇਸ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸੀਵਰੇਜ ਲਾਈਨ ਬਹੁਤ ਜ਼ਿਆਦਾ ਲੰਬੀ ਹੋਣ ਕਾਰਨ ਇਲਾਕਾ ਵਾਸੀਆਂ ਦੀਆਂ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਇਸ ਲਾਈਨ ਨੂੰ ਸਿੱਧਾ ਐਸ.ਟੀ.ਪੀ. ਪਲਾਂਟ ਨਾਲ ਜੋੜਿਆ ਜਾਵੇਗਾ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ | ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਅੰਦਰ ਕਰੀਬ 90 ਫ਼ੀਸਦੀ ਵਿਕਾਸ ਕਾਰਜ ਪਹਿਲਾਂ ਹੀ ਮੁਕੰਮਲ ਕਰਵਾਏ ਜਾ ਚੁੱਕੇ ਹਨ | ਇਸ ਮੌਕੇ ਵਾਰਡ ਨੰਬਰ 20 ਦੇ ਇੰਚਾਰਜ ਅੰਕੁਰ ਗੁਲਾਟੀ, ਕੌਂਸਲਰ ਲਵਲੀ ਮਨੋਚਾ, ਸਾਬਕਾ ਕੌਂਸਲਰ ਬਲਵਿੰਦਰ ਸ਼ਿੰਕੀ, ਲਖਵਿੰਦਰ ਸਿੰਘ ਲੱਖਾ, ਮਨਜੀਤ ਸਿੰਘ, ਮਹਾਵੀਰ ਕੁਮਾਰ, ਮੋਹਨ ਲਾਲ ਚੌਧਰੀ, ਗੁਰਦੀਪ ਸਿੰਘ, ਅਮਨ ਕਰਿਆਣਾ, ਪਰਵਿੰਦਰ ਗਿੰਦਰਾ, ਬਖਸ਼ੀਸ ਹੀਰ, ਜਸਪ੍ਰੀਤ ਮਿੱਠੂ, ਮਨਵੀਰ ਸੰਧੂ, ਬਾਜ ਸਿੱਧੂ, ਸੁਖਵੰਤ ਸੁੱਖਾ, ਵਿਮਲ ਨਾਰੰਗ, ਗੋਬਿੰਦ ਕੁਮਾਰ, ਪੀ.ਏ. ਗੁਰਸ਼ਰਨਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |