ਜਗਰਾਉਂ, 9 ਜੂਨ (ਗੁਰਦੀਪ ਸਿੰਘ ਮਲਕ)-ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਅਤੇ ਪੰਥਕ ਆਗੂ ਮਨਪ੍ਰੀਤ ਸਿੰਘ ਇਯਾਲੀ ਵਲੋਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਣ ਦਾ ਜਗਰਾਉਂ ਖੇਤਰ ਦੇ ਟਕਸਾਲੀ ਅਕਾਲੀ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ | ਉੱਘੇ ਸਮਾਜਸੇਵੀ ਅਤੇ ਟਰੱਕ ਯੂਨੀਅਨ ਜਗਰਾਉਂ ਦੇ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਬਿੰਦਰ ਮਨੀਨਾ ਨੇ ਮਨਪ੍ਰੀਤ ਸਿੰਘ ਇਯਾਲੀ ਵਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਵਿਚ ਸ਼ਮੂਲੀਅਤ ਕਰਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਧਾਇਕ ਇਯਾਲੀ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਨਾਲ-ਨਾਲ ਪੰਜਾਬ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਇਹ ਫ਼ੈਸਲਾ ਲੈ ਕੇ ਦੁਨੀਆ ਭਰ ਵਿਚ ਬੈਠੇ ਸਿੱਖਾਂ ਅਤੇ ਪੰਜਾਬ ਦਰਦੀਆਂ ਦੇ ਦਿਲ ਜਿੱਤ ਲਏ ਹਨ | ਉਨ੍ਹਾਂ ਕਿਹਾ ਕਿ ਇਯਾਲੀ ਨੇ ਹਮੇਸ਼ਾਂ ਪੰਜਾਬ ਅਤੇ ਪੰਥ ਦੀ ਭਲਾਈ ਲਈ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਹਮੇਸ਼ਾਂ ਨਿੱਜੀ ਸਵਾਰਥ ਨੂੰ ਛੱਡ ਕੇ ਸੂਬੇ ਦੀ ਭਲਾਈ ਕਰਨ ਵਾਲੇ ਲੋਕਾਂ ਦਾ ਸਾਥ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਵਲੋਂ ਵਾਰਿਸ ਪੰਜਾਬ ਦੇ ਵਿਚ ਸ਼ਮੂਲੀਅਤ ਕਰਨ ਨਾਲ ਨੌਜਵਾਨ ਵਰਗ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਪੰਜਾਬ ਦੀ ਵਾਗਡੋਰ ਹੁਣ ਜਲਦੀ ਪੰਥਕ ਦਰਦੀਆਂ ਦੇ ਹੱਥ ਆਉਣ ਵਾਲੀ ਹੈ |