ਫੁੱਲਾਂਵਾਲ, 9 ਜੂਨ (ਮਨਜੀਤ ਸਿੰਘ ਦੁੱਗਰੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਹਿੰਮਾਯੂਪੁਰ ਵਿਚ ਧੱਕੇ ਨਾਲ ਰਸਤਾ ਬੰਦ ਕਰਨ ਅਤੇ ਸਹਿਮਤੀ ਨਾਲ ਜ਼ਮੀਨ ਵੰਡ ਕਰ ਰਹੇ ਲੋਕਾਂ ਨਾਲ ਗਾਲੀ ਗਲੋਚ ਕਰਨ ਖ਼ਿਲਾਫ਼ ਦਰਖਾਸਤਾਂ ਦੇਣ ਦੇ ਬਾਵਜੂਦ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਅਤੇ ਦੋਸ਼ੀਆਂ ਦਾ ਪੱਖ ਪੂਰਨ ਖ਼ਿਲਾਫ਼ ਪੁਲਿਸ ਚੌਂਕੀ ਲਲਤੋਂ ਕਲਾਂ ਅੱਗੇ ਕਿਸਾਨਾਂ ਵਲੋਂ ਰੋਸ ਧਰਨਾ ਦਿੱਤਾ ਗਿਆ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਦਿੱਤੇ ਗਏ ਧਰਨੇ 'ਚ ਮੰਗ ਕੀਤੀ ਗਈ ਕਿ ਰਸਤੇ ਦੀ ਮਿੱਟੀ ਚੁੱਕ ਕੇ ਰਸਤਾ ਬੰਦ ਕਰਨ ਅਤੇ ਆਪਣੀ ਜ਼ਮੀਨ ਵੰਡ ਰਹੇ ਕਿਸਾਨਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਗਾਲੀ ਗਲੋਚ ਕਰਨ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਰਸਤਾ ਮੁੜ ਖੁਲ੍ਹਵਾਇਆ ਜਾਵੇ ਅਤੇ ਅੰਡਰ ਗਰਾਊਾਡ ਕੀਤੀਆਂ ਪਾਈਪਾਂ ਦੇ ਕੀਤੇ ਨੁਕਸਾਨ ਦੀ ਭਰਪਾਈ ਦੋਸ਼ੀ ਤੋਂ ਕਰਵਾਈ ਜਾਵੇ | ਅੰਤ ਵਿਚ ਐਸ.ਐਚ.ਓ. ਸਦਰ ਜਗਦੇਵ ਸਿੰਘ ਵਲੋਂ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਕੀਤੇ ਜਾਣ ਦੇ ਵਿਸ਼ਵਾਸ ਤੋਂ ਬਾਅਦ ਧਰਨਾ ਪ੍ਰਦਰਸ਼ਨ ਮੁਲਤਵੀ ਕੀਤਾ ਗਿਆ ਅਤੇ ਯੂਨੀਅਨ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨੂੰ 11 ਜੂਨ ਤੱਕ ਦਾ ਸਮਾਂ ਦਿੰਦਿਆਂ ਕਿਹਾ ਕਿ ਜੇਕਰ ਕਾਰਵਾਈ 'ਚ ਢਿੱਲ ਮੱਠ ਵਰਤੀ ਗਈ ਤਾਂ 11 ਜੂਨ ਤੋਂ ਬਾਅਦ ਚੌਂਕੀ ਲਲਤੋਂ ਅੱਗੇ ਲਗਾਤਾਰ ਧਰਨਾ ਦਿੱਤਾ ਜਾਵੇਗਾ | ਅੱਜ ਦੇ ਧਰਨੇ ਨੂੰ ਹੋਰਾਂ ਤੋਂ ਇਲਾਵਾ ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ, ਚਰਨਜੀਤ ਸਿੰਘ ਫੱਲੇਵਾਲ, ਮਨੋਹਰ ਸਿੰਘ ਕਲਾਹੜ, ਤੀਰਥ ਸਿੰਘ ਤਲਵੰਡੀ, ਜਸਵੰਤ ਸਿੰਘ ਭੱਟੀਆਂ, ਅਮਰੀਕ ਸਿੰਘ ਭੂੰਦੜੀ, ਦੇਵ ਸਿੰਘ ਨਾਰੰਗਵਾਲ ਜਗਮਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |