ਇਆਲੀ/ਥਰੀਕੇ, 9 ਜੂਨ (ਮਨਜੀਤ ਸਿੰਘ ਦੁੱਗਰੀ)-ਪੰਜਾਬ ਦੀ ਮੌਜੂਦਾ ਸੂਬਾ ਸਰਕਾਰ ਤੋਂ ਦੁਖੀ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੀ ਸੱਤਾ ਤੋਂ ਚੱਲਦਾ ਕੀਤਾ ਜਾ ਸਕੇ ਕਿਉਂਕਿ 'ਆਪ' ਸਰਕਾਰ ਦੀਆਂ ਨਾਕਾਮੀਆਂ ਕਰਕੇ ਪੰਜਾਬ ਵਿਕਾਸ ਪੱਖੋਂ ਬਹੁਤ ਪਿੱਛੇ ਚੱਲਾ ਗਿਆ ਹੈ | ਇਹ ਪ੍ਰਗਟਾਵਾ ਸਾਬਕਾ ਸੰਸਦੀ ਸਕੱਤਰ ਅਤੇ ਹਲਕਾ ਲੋਕ ਇੰਚਾਰਜ ਫ਼ਤਿਹਗੜ੍ਹ ਸਾਹਿਬ ਬਿਕਰਮਜੀਤ ਸਿੰਘ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਗੁਰਦੀਪ ਸਿੰਘ ਲੀਲ ਨੇ ਰਣਜੀਤ ਨਗਰ ਫ਼ਿਰੋਜ਼ਪੁਰ ਸੜਕ ਸਥਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਬੀ.ਸੀ. ਵਿੰਗ ਦੇ ਮੁੱਖ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਸਮਝ ਚੁੱਕੇ ਹਨ ਕਿ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਜਿਸ ਨੇ ਪੰਜਾਬ ਨੂੰ ਵਿਕਾਸ ਅਤੇ ਤਰੱਕੀ ਦੀਆ ਬੁਲੰਦੀਆਂ 'ਤੇ ਪਹੁੰਚਾਇਆ | ਖਾਲਸਾ ਅਤੇ ਲੀਲ ਨੇ ਕਿਹਾ ਕਿ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ 'ਤੇ ਲਿਜਾਉਣ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ |