05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮਹਾਂਨਗਰ ’ਚ 24 ਘੰਟੇ ਵਾਟਰ ਸਪਲਾਈ ਪ੍ਰੋਜੈਕਟ ਦੇ ਕੰਮ ਦੌਰਾਨ ਧਸਦੀਆਂ ਸੜਕਾਂ ਨੇ ਵਧਾਈ ਚਿੰਤਾ

ਅਜੀਤ ਡੈਸਕ 16-06-2026
ਲੁਧਿਆਣਾ, 15 ਜੂਨ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ 24 ਘੰਟੇ ਵਾਟਰ ਸਪਲਾਈ ਪ੍ਰੋਜੈਕਟ ਤਹਿਤ ਪਾਈਪਾਂ ਵਿਛਾਉਣ ਦਾ ਕੰਮ ਜਾਰੀ ਹੈ। ਇਕ ਪਾਸੇ ਪ੍ਰਸ਼ਾਸਨ ਵਲੋਂ ਇਸ ਪ੍ਰੋਜੈਕਟ ਨਾਲ ਸ਼ਹਿਰ ਵਾਸੀਆਂ ਦੀ ਪਾਣੀ ਸਬੰਧੀ ਸਮੱਸਿਆ ਦੂਰ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਪਾਈਪਾਂ ਪਾਉਣ ਦੇ ਕੰਮ ਨੂੰ ਲੈ ਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਤੀਜੇ ਵਜੋਂ ਸ਼ਹਿਰ ਦੇ ਕਈ ਇਲਾਕਿਆਂ ਵਿਚ ਜਿੱਥੇ ਪਾਈਪਲਾਈਨ ਪਾਈ ਗਈ ਹੈ, ਉਥੇ ਸੜਕਾਂ ਧਸਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਮਾਡਲ ਟਾਊਨ ਐਕਸਟੈਨਸ਼ਨ ਸਥਿਤ ਸ਼ਮਸ਼ਾਨਘਾਟ ਨੇੜੇ ਸੜਕ ਧਸਣ ਕਾਰਨ ਬਜਰੀ ਨਾਲ ਭਰਿਆ ਇਕ ਟਿੱਪਰ ਫਸ ਗਿਆ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਜਿਸ ਥਾਂ ਟਿੱਪਰ ਫਸਿਆ, ਉਥੇ ਕੁੱਝ ਸਮਾਂ ਪਹਿਲਾਂ ਵਾਟਰ ਸਪਲਾਈ ਦੀ ਪਾਈਪਲਾਈਨ ਪਾਈ ਗਈ ਸੀ। ਉਥੇ ਹੀ ਪੱਖੋਵਾਲ ਰੋਡ ‘ਤੇ ਵੀ ਅਚਾਨਕ ਸੜਕ ਵਿਚ ਇਕ ਟੋਇਆ ਬਣ ਗਿਆ। ਇਲਾਕਾ ਨਿਵਾਸੀਆਂ ਨੇ ਖੱਡੇ ਵਿਚ ਟਾਹਣੀਆਂ ਲਗਾ ਕੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਸਾਵਧਾਨ ਕੀਤਾ ਤਾਂ ਜੋ ਕੋਈ ਹਾਦਸਾ ਨਾ ਵਾਪਰੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ 24 ਘੰਟੇ ਵਾਟਰ ਸਪਲਾਈ ਪ੍ਰੋਜੈਕਟ ਤਹਿਤ ਪਾਈਪਾਂ ਪਾਉਣ ਤੋਂ ਬਾਅਦ ਮਿੱਟੀ ਨੂੰ ਢੰਗ ਨਾਲ ਨਹੀਂ ਦਬਾਇਆ ਗਿਆ, ਜਿਸ ਕਾਰਨ ਕਈ ਥਾਵਾਂ ‘ਤੇ ਸੜਕਾਂ ਧਸ ਰਹੀਆਂ ਹਨ। ਲੋਕਾਂ ਨੇ ਚਿੰਤਾ ਜਤਾਈ ਕਿ ਬਰਸਾਤੀ ਮੌਸਮ ਵੀ ਸ਼ੁਰੂ ਹੋਣ ਵਾਲਾ ਹੈ, ਜਿਸ ਨਾਲ ਸੜਕਾਂ ਧਸਣ ਦਾ ਖਤਰਾ ਹੋਰ ਵੱਧ ਸਕਦਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤੀ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਦੀਆਂ ਸੜਕਾਂ ਵੱਲ ਜਲਦ ਧਿਆਨ ਦਿੱਤਾ ਜਾਵੇ ਅਤੇ ਜਿੱਥੇ ਵੀ ਮੁਰੰਮਤ ਦੀ ਲੋੜ ਹੈ, ਉਥੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਕਾਰੋਬਾਰੀ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਣ ਵਾਲੇ ਖ਼ਤਰਨਾਕ ਗਰੋਹ ਦੇ 4 ਮੈਂਬਰ ਲੱਖਾਂ ਦੀ ਹੈਰੋਇਨ ਅਤੇ ਅਸਲ੍ਹੇ ਸਮੇਤ ਕਾਬ... ਅਗਲੀ ਖ਼ਬਰ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਘਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।