ਲੁਧਿਆਣਾ, 17 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਅਣਗਹਿਲੀ ਇਕ ਵਾਰ ਫਿਰ ਸਾਹਮਣੇ ਆਈ ਹੈ। ਪਾਣੀ ਦੀ ਲੀਕ ਕਰ ਰਹੀ ਪਾਈਪ ਨੂੰ ਠੀਕ ਕਰਨ ਲਈ ਕੀਤੀ ਗਈ ਸੜਕ ਦੀ ਖੁਦਾਈ ਦੌਰਾਨ ਨਿਗਮ ਕਰਮਚਾਰੀਆਂ ਵਲੋਂ ਲੋੜੀਂਦੀ ਚੌਕਸੀ ਨਾ ਵਰਤਣ ਕਾਰਨ ਅੰਡਰਗਰਾਊਂਡ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ, ਜਿਸ ਨਾਲ ਕਾਲਜ ਰੋਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਕਈ ਘੰਟਿਆਂ ਲਈ ਬਿਜਲੀ ਸਪਲਾਈ ਠੱਪ ਹੋ ਗਈ। ਜਾਣਕਾਰੀ ਅਨੁਸਾਰ ਕਾਲਜ ਰੋਡ ਤੇ ਪਾਣੀ ਦੇ ਪਾਈਪ ਵਿਚ ਲੀਕੇਜ ਹੋਣ ਕਾਰਨ ਨਿਗਮ ਕਰਮਚਾਰੀਆਂ ਵਲੋਂ ਸੜਕ ਪੁੱਟਕੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਰ ਕੰਮ ਦੌਰਾਨ ਨਾ ਤਾਂ ਅੰਡਰਗਰਾਊਂਡ ਯੂਟਿਲਿਟੀ ਲਾਈਨਾਂ ਦੀ ਪਹਿਲਾਂ ਜਾਂਚ ਕੀਤੀ ਗਈ ਅਤੇ ਨਾ ਹੀ ਸੁਰੱਖਿਆ ਨਿਯਮਾਂ ਦੀ ਪਾਲਣਾ ਹੋਈ। ਨਤੀਜੇ ਵਜੋਂ ਖੁਦਾਈ ਕਰਦੇ ਸਮੇਂ ਹੇਠਾਂ ਪਈਆਂ ਬਿਜਲੀ ਦੀਆਂ ਤਾਰਾਂ ਕੱਟ ਗਈਆਂ ਅਤੇ ਪੂਰੇ ਇਲਾਕੇ ਦੀ ਬਿਜਲੀ ਅਚਾਨਕ ਬੰਦ ਹੋ ਗਈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਨਿਗਮ ਦੀ ਟੀਮ ਮੌਕੇ ਤੋਂ ਚਲੀ ਗਈ। ਲੋਕਾਂ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਕਾਫੀ ਸਮੇਂ ਤੱਕ ਕੋਈ ਵੀ ਨਿਗਮ ਅਧਿਕਾਰੀ ਮੌਕੇ ਤੇ ਨਹੀਂ ਪੁੱਜਿਆ ਅਤੇ ਨਾਹ ਹੀ ਲੋਕਾਂ ਦੀ ਪ੍ਰੇਸ਼ਾਨੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਇਸ ਕਾਰਨ ਨਿਗਮ ਪ੍ਰਸ਼ਾਸਨ ਦੇ ਪ੍ਰਤੀ ਲੋਕਾਂ ਵਿਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲੀ। ਬਿਜਲੀ ਬੰਦ ਹੋਣ ਨਾਲ ਇਲਾਕੇ ਦੇ ਘਰਾਂ, ਦਫਤਰਾਂ ਅਤੇ ਦੁਕਾਨਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਕਈ ਲੋਕ ਨਿਗਮ ਦੀ ਕਾਰਜਗੁਜ਼ਾਰੀ ਤੇ ਸਵਾਲ ਚੁੱਕਦੇ ਹੋਏ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਏ। ਬਾਅਦ ਵਿਚ ਬਿਜਲੀ ਵਿਭਾਗ ਦੀ ਟੀਮ ਮੌਕੇ ਤੇ ਪੁੱਜੀ ਅਤੇ ਸਪਲਾਈ ਬਹਾਹਲ ਕਰਨ ਲਈ ਮੁਰੰਮਤ ਕੰਮ ਸ਼ੁਰੂ ਕੀਤਾ ਗਿਆ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਜੇ ਨਿਗਮ ਕਰਮਚਾਰੀ ਪਹਿਲਾਂ ਹੀ ਜ਼ਿੰਮੇਵਾਰੀ ਅਤੇ ਸਾਵਧਾਨੀ ਨਾਲ ਕੰਮ ਕਰਦੇ ਤਾਂ ਇਹ ਹਾਲਤ ਪੈਦਾ ਹੀ ਨਾ ਹੁੰਦਾ। ਇਲਾਕਾ ਨਿਵਾਸੀਆਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਵਿੱਖ ਵਿਚ ਖੁਦਾਈ ਦੇ ਕੰਮ ਦੌਰਾਨ ਸਬੰਧਤ ਵਿਭਾਗਾਂ ਨਾਲ ਪਹਿਲਾਂ ਤਾਲਮੇਲ ਬਣਾਇਆ ਜਾਵੇ ਤਾਂ ਜੋ ਅਜਿਹੀ ਲਾਪਰਵਾਹੀ ਕਾਰਨ ਆਮ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਨਾ ਹੋਣਾ ਪਵੇ।
ਕਾਲਜ ਰੋਡ ’ਤੇ ਬਿਨਾਂ ਚੌਕਸੀ ਖੁਦਾਈ ਪਈ ਮਹਿੰਗੀ
ਅਜੀਤ ਡੈਸਕ
18-06-2026