23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਲੁਧਿਆਣਾ ਵਿਚ ਖਾਧ ਸੁਰੱਖਿਆ ਟੀਮ ਦੀ ਵੱਡੀ ਕਾਰਵਾਈ, 300 ਕਿੱਲੋ ਮਠਿਆਈ ਜ਼ਬਤ ਕਰਕੇ ਮੌਕੇ ’ਤੇ ਕੀਤੀ ਨਸ਼ਟ

ਲੁਧਿਆਣਾ, 22 ਅਗਸਤ (ਡਾ. ਤਰਲੋਚਨ ਸਿੰਘ)-ਸਿਵਲ ਸਰਜਨ ਲੁਧਿਆਣਾ ਡਾ.

ਨਿਊ ਗੁਰਨਾਮ ਨਗਰ, ਜੱਸੀਆਂ ਰੋਡ ਵਿਖੇ ਇਕ ਘਰ ਵਿਚ ਖਾਧ ਸੁਰੱਖਿਆ ਟੀਮ ਵਲੋਂ ਕੀਤੀ ਛਾਪੇਮਾਰੀ ਦੌਰਾਨ ਜ਼ਬਤ ਕੀਤੀ ਮਠਿਆਈ। ਤਸਵੀਰਾਂ-ਸੇਵਕ ਸਿੰਘ 23-08-2026
ਲੁਧਿਆਣਾ, 22 ਅਗਸਤ (ਡਾ. ਤਰਲੋਚਨ ਸਿੰਘ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖਾਧ ਸੁਰੱਖਿਆ ਵਿਭਾਗ ਵਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀਆਂ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਗੁਪਤ ਸੂਚਨਾ ਦੇ ਆਧਾਰ ’ਤੇ ਨਿਊ ਗੁਰਨਾਮ ਨਗਰ, ਜੱਸੀਆਂ ਰੋਡ ਵਿਖੇ ਇਕ ਘਰ ਵਿਚ ਖਾਧ ਸੁਰੱਖਿਆ ਟੀਮ ਵਲੋਂ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ਲਗਭਗ 300 ਕਿੱਲੋ ਵੱਖ-ਵੱਖ ਕਿਸਮ ਦੀਆਂ ਮਠਿਆਈਆਂ ਬਰਾਮਦ ਕੀਤੀਆਂ ਗਈਆਂ। ਵਿਭਾਗ ਨੂੰ ਮਿਲੀ ਜਾਣਕਾਰੀ ਅਨੁਸਾਰ ਸਬੰਧਿਤ ਵਿਅਕਤੀ ਵਲੋਂ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਤੋਂ ਪਹਿਲਾਂ ਵਰਤੀ ਜਾ ਚੁੱਕੀ ਚਾਸ਼ਨੀ ਖ਼ਰੀਦ ਕੇ ਉਸ ਨੂੰ ਮੁੜ ਵਰਤੋਂ ਵਿਚ ਲਿਆਉਣ ਅਤੇ ਇਸ ਰਾਹੀਂ ਵੱਖ-ਵੱਖ ਕਿਸਮਾਂ ਦੀਆਂ ਮਠਿਆਈਆਂ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਵਰਤੀ ਜਾ ਚੁੱਕੀ ਚਾਸ਼ਨੀ ਨੂੰ ਮੁੜ ਵਰਤ ਕੇ ਮਠਿਆਈਆਂ ਤਿਆਰ ਕਰਨ ਦੀ ਇਹ ਪ੍ਰਥਾ ਖਾਧ ਸੁਰੱਖਿਆ, ਸਫ਼ਾਈ ਅਤੇ ਸੰਭਾਵਿਤ ਗੰਦਗੀ ਦੇ ਪੱਖੋਂ ਗੰਭੀਰ ਚਿੰਤਾ ਦਾ ਵਿਸ਼ਾ ਹੈ। ਖਾਧ ਬਿਜ਼ਨਸ ਅਪਰੇਟਰਾਂ ਲਈ ਖਾਣ-ਪੀਣ ਵਾਲੀਆਂ ਵਸਤਾਂ ਦੀ ਤਿਆਰੀ, ਸਟੋਰੇਜ ਅਤੇ ਹੈਂਡਲਿੰਗ ਦੌਰਾਨ ਨਿਰਧਾਰਿਤ ਸਫ਼ਾਈ ਅਤੇ ਸੈਨੀਟੇਸ਼ਨ ਮਾਪਦੰਡਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਖਾਧ ਸੁਰੱਖਿਆ ਟੀਮ ਵਲੋਂ ਤੁਰੰਤ ਕਾਰਵਾਈ ਕਰਦਿਆਂ ਮੌਕੇ ਤੋਂ 3 ਨਮੂਨੇ ਜਾਂਚ ਲਈ ਲਏ ਗਏ, ਜਦਕਿ ਲਗਭਗ 300 ਕਿੱਲੋ ਮਠਿਆਈ ਨੂੰ ਜ਼ਬਤ ਕਰਕੇ ਮੌਕੇ ’ਤੇ ਹੀ ਨਿਰਧਾਰਿਤ ਖਾਧ ਸੁਰੱਖਿਆ ਪ੍ਰਕਿਰਿਆ ਅਨੁਸਾਰ ਨਸ਼ਟ ਕਰ ਦਿੱਤਾ ਗਿਆ, ਤਾਂ ਜੋ ਇਹ ਮਠਿਆਈ ਆਮ ਲੋਕਾਂ ਤੱਕ ਨਾ ਪਹੁੰਚ ਸਕੇ। ਟੀਮ ਵਲੋਂ ਮੌਕੇ ‘ਤੇ ਅਨਹਾਈਜੀਨਿਕ ਹਾਲਾਤਾਂ ਸਬੰਧੀ ਚਲਾਨ ਵੀ ਜਾਰੀ ਕੀਤਾ ਗਿਆ। ਇਸ ਕਾਰਵਾਈ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਉਣਾ ਵਿਭਾਗ ਦੀ ਪ੍ਰਮੁੱਖ ਤਰਜੀਹ ਹੈ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸੁਰੱਖਿਆ ਨਾਲ ਸਮਝੌਤਾ ਕਰਨ ਵਾਲਿਆਂ ਖ਼ਿਲਾਫ਼ ਲਾਗੂ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਖਾਧ ਬਿਜ਼ਨਸ ਆਪਰੇਟਰਜ਼ ਨੂੰ ਖਾਣ-ਪੀਣ ਵਾਲੀਆਂ ਵਸਤਾਂ ਦੀ ਤਿਆਰੀ ਅਤੇ ਵਿੱਕਰੀ ਦੌਰਾਨ ਸਫ਼ਾਈ, ਸੈਨੀਟੇਸ਼ਨ, ਸੁਰੱਖਿਅਤ ਖਾਧ ਹੈਂਡਲਿੰਗ ਅਤੇ ਹੋਰ ਲਾਗੂ ਖਾਧ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਸਿਹਤ ਵਿਭਾਗ ਵਲੋਂ ਮਠਿਆਈ ਵਿਕਰੇਤਾਵਾਂ ਅਤੇ ਹੋਰ ਖਾਧ ਬਿਜ਼ਨਸ ਅਪਰੇਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਸਮੇਂ ਖਾਧ ਸੁਰੱਖਿਆ ਅਤੇ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਵਲੋਂ ਨਿਰਧਾਰਿਤ ਖਾਧ ਸੁਰੱਖਿਆ, ਹਾਈਜੀਨ ਅਤੇ ਸੈਨੀਟੇਸ਼ਨ ਦੇ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਐਫ.ਐਸ.ਐਸ.ਏ.ਆਈ. ਦੇ ਲਾਗੂ ਨਿਯਮਾਂ ਅਨੁਸਾਰ ਸੁਰੱਖਿਅਤ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ। ਵਿਭਾਗ ਵਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਐਫ.ਐਸ.ਐਸ.ਏ.ਆਈ. ਲਾਇਸੈਂਸ, ਰਜਿਸਟ੍ਰੇਸ਼ਨ ਵਾਲੇ ਭਰੋਸੇਯੋਗ ਅਤੇ ਸਾਫ਼-ਸੁਥਰੇ ਖਾਧ ਬਿਜ਼ਨਸ ਅਦਾਰਿਆਂ ਤੋਂ ਹੀ ਖ਼ਰੀਦਣ।
ਪਿਛਲੀ ਖ਼ਬਰ ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਮੌਤਾਂ ਅਗਲੀ ਖ਼ਬਰ ਪੀ.ਏ.ਯੂ. ’ਚ ਹਾੜ੍ਹੀ ਦੀ ਫ਼ਸਲ ਬਾਰੇ ਲਗਾਈ ਦੋ-ਰੋਜ਼ਾ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।