ਚੰਡੀਗੜ੍ਹ, 12 ਫਰਵਰੀ (ਅ. ਬ.)-ਭਾਰਤ ਦੀ ਪ੍ਰਮੁੱਖ ਯਾਤਰਾ ਤੇ ਸੈਰ-ਸਪਾਟਾ ਪ੍ਰਦਰਸ਼ਨੀ, ਇੰਡੀਆ ਟ੍ਰੈਵਲ ਮਾਰਟ (ਆਈ.ਟੀ.ਐੱਮ.), 14 ਤੋਂ 16 ਫ਼ਰਵਰੀ 2026 ਤੱਕ ਹਿਮਾਚਲ ਭਵਨ, ਸੈਕਟਰ 28, ਚੰਡੀਗੜ੍ਹ ਵਿਚ ਆਯੋਜਿਤ ਕੀਤੀ ਜਾਵੇਗੀ | ਇਹ ਬਹੁ-ਪ੍ਰਤੀਖਿਤ ਸਮਾਗਮ 14 ਅਤੇ 15 ਫ਼ਰਵਰੀ ਨੂੰ ਸਵੇਰੇ 11:00 ਵਜੇ ਤੋਂ ਸ਼ਾਮ 7:00 ਵਜੇ ਤੱਕ ਅਤੇ 16 ਫ਼ਰਵਰੀ ਨੂੰ ਸਵੇਰੇ 11:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ੍ਹਾ ਰਹੇਗਾ | ਪ੍ਰਦਰਸ਼ਨੀ ਵਿਚ ਦਾਖ਼ਲਾ ਮੁਫ਼ਤ ਹੈ | ਦਰਸ਼ਕ ਰੋਜ਼ਾਨਾ ਹੋਣ ਵਾਲੀ ਲੱਕੀ ਡਰਾਅ ਵਿਚ ਭਾਗ ਲੈ ਕੇ ਆਕਰਸ਼ਕ ਯਾਤਰਾ ਇਨਾਮ ਵੀ ਜਿੱਤ ਸਕਦੇ ਹਨ | ਚੰਡੀਗੜ੍ਹ ਦੀ ਪ੍ਰਮੁੱਖ ਯਾਤਰਾ ਤੇ ਸੈਰ-ਸਪਾਟਾ ਪ੍ਰਦਰਸ਼ਨੀ ਵਜੋਂ ਜਾਣੀ ਜਾਣ ਵਾਲੀ ਆਈ. ਟੀ. ਐੱਮ. ਚੰਡੀਗੜ੍ਹ 2026 ਯਾਤਰੀਆਂ ਨੂੰ ਨਵੇਂ ਸੈਰ-ਸਪਾਟਾ ਸਥਾਨਾਂ, ਖ਼ਾਸ ਪੇਸ਼ਕਸ਼ਾਂ ਅਤੇ ਉਨ੍ਹਾਂ ਦੀ ਲੋੜ ਅਨੁਸਾਰ ਤਿਆਰ ਕੀਤੇ ਗਏ ਛੁੱਟੀ ਪੈਕੇਜ ਦੇਖਣ ਦਾ ਸ਼ਾਨਦਾਰ ਮੌਕਾ ਦੇਵੇਗੀ | ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਰਾਜਾਂ ਦੇ ਸੈਰ-ਸਪਾਟਾ ਬੋਰਡ, ਹੋਟਲ ਸਮੂਹ, ਡੈਸਟਿਨੇਸ਼ਨ ਮੈਨੇਜਮੈਂਟ ਕੰਪਨੀਆਂ, ਟ੍ਰੈਵਲ ਏਜੰਟ ਅਤੇ ਟੂਰ ਆਪਰੇਟਰ ਇੱਕ ਹੀ ਥਾਂ ਉੱਤੇ ਮੌਜੂਦ ਹੋਣਗੇ | ਆਉਣ ਵਾਲੇ ਸਮਾਗਮ ਬਾਰੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਆਈ. ਸੀ. ਐੱਮ. ਗਰੁੱਪ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਜੈ ਗੁਪਤਾ ਨੇ ਕਿਹਾ ਕਿ ਟ੍ਰੈਵਲ ਉਦਯੋਗ ਵਿਚ ਸਾਲਾਂ ਦੇ ਤਜਰਬੇ ਨਾਲ ਅਸੀਂ ਇੰਡੀਆ ਟ੍ਰੈਵਲ ਮਾਰਟ ਦੀ ਸ਼ੁਰੂਆਤ ਇਕ ਸਾਂਝੇ ਮੰਚ ਵਜੋਂ ਕੀਤੀ, ਜਿੱਥੇ ਲੋਕ ਆਪਸ ਵਿਚ ਗੱਲਬਾਤ ਕਰ ਸਕਣ, ਇਕ-ਦੂਜੇ ਨੂੰ ਸਮਝ ਸਕਣ ਅਤੇ ਵਪਾਰ ਦੇ ਮੌਕੇ ਵਧਾ ਸਕਣ | ਸਾਡਾ ਮਕਸਦ ਹਮੇਸ਼ਾਂ ਟ੍ਰੈਵਲ ਅਤੇ ਟੂਰਿਜ਼ਮ ਉਦਯੋਗ ਨੂੰ ਸਿੱਧੇ ਗਾਹਕਾਂ ਨਾਲ ਜੋੜਨਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਵਧੀਆ ਅਤੇ ਆਸਾਨ ਯਾਤਰਾ ਪੇਸ਼ਕਸ਼ਾਂ ਮਿਲ ਸਕਣ |