ਜ਼ੀਰਕਪੁਰ, 12 ਫਰਵਰੀ (ਹੈਪੀ ਪੰਡਵਾਲਾ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਜ਼ੀਰਕਪੁਰ ਨਗਰ ਕੌਂਸਲ ਅਧੀਨ ਪੈਂਦੇ ਖੇਤਰ 'ਚ ਅਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ 'ਤੇ ਕਾਬੂ ਪਾਉਣ ਲਈ ਨਗਰ ਕੌਂਸਲ ਦੀ 'ਡਾਗ ਸਟੀਰੀਲਾਈਜ਼ੇਸ਼ਨ' (ਕੁੱਤਿਆਂ ਦੀ ਨਸਬੰਦੀ) ਮੁਹਿੰਮ ਦੀ ਰਸਮੀ ਤੌਰ 'ਤੇ ਸ਼ੁਰੂਆਤ ਕਰਵਾਈ ਗਈ, ਜਿਸ ਅਧੀਨ ਕਰੀਬ 2000 ਕੁੱਤਿਆਂ ਦੀ ਨਸਬੰਦੀ ਕਰਨ ਦਾ ਟੀਚਾ ਰੱਖਿਆ ਗਿਆ ਹੈ | ਇਸ ਮੌਕੇ ਵਿਧਾਇਕ ਰੰਧਾਵਾ ਨੇ ਦੱਸਿਆ ਕਿ ਜ਼ੀਰਕਪੁਰ ਦੇ ਵਸਨੀਕ ਅਵਾਰਾ ਕੁੱਤਿਆਂ ਦੀ ਵੱਧ ਰਹੀ ਸੰਖਿਆ ਕਾਰਨ ਕਾਫ਼ੀ ਸਮੇਂ ਤੋਂ ਕੁੱਤਿਆਂ ਦੀ ਨਸਬੰਦੀ ਕਰਵਾਉਣ ਦੀ ਮੰਗ ਕਰ ਰਹੇ ਸਨ | ਇਸ ਲਈ 39.46 ਲੱਖ ਰੁ. ਦੀ ਲਾਗਤ ਨਾਲ ਸਟੀਰੀਲਾਈਜ਼ੇਸ਼ਨ ਪ੍ਰਾਜੈਕਟ ਮਨਜ਼ੂਰ ਕਰਕੇ ਅੱਜ ਇਸ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮਕਸਦ ਲਈ ਇਕ ਸਟੀਰੀਲਾਈਜ਼ੇਸ਼ਨ ਸੈਂਟਰ ਬਣਾਇਆ ਗਿਆ ਹੈ, ਜਿਥੇ ਕਿ ਇਕੋ ਸਮੇਂ 100 ਕੁੱਤਿਆਂ ਨੂੰ ਰੱਖਿਆ ਜਾ ਸਕੇਗਾ | ਹਰ ਕੁੱਤੇ ਨੂੰ ਨਸਬੰਦੀ ਤੋਂ ਬਾਅਦ ਨਿਗਰਾਨੀ ਹੇਠ ਰੱਖਿਆ ਜਾਵੇਗਾ ਅਤੇ ਸਰੀਰਕ ਤੌਰ 'ਤੇ ਠੀਕ ਪਾਏ ਜਾਣ ਉਪਰੰਤ ਹੀ ਛੱਡਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਅਵਾਰਾ ਕੁੱਤਿਆਂ ਨੂੰ ਰੱਖਣ ਲਈ ਇਕ 'ਡਾਗ ਸੈਂਕਚੁਰੀ' ਬਣਾਉਣ ਦਾ ਪ੍ਰਸਤਾਵ ਵੀ ਰਾਜ ਸਰਕਾਰ ਨੂੰ ਭੇਜਿਆ ਗਿਆ ਹੈ, ਜਿਸ ਦੀ ਅਨੁਮਾਨਿਤ ਲਾਗਤ 39.46 ਲੱਖ ਰੁ. ਹੈ | ਇਸ ਤੋਂ ਬਾਅਦ ਵਿਧਾਇਕ ਰੰਧਾਵਾ ਵਲੋਂ ਪਿੰਡ ਛੱਤ ਵਿਖੇ 40.53 ਲੱਖ ਰੁ. ਦੀ ਲਾਗਤ ਨਾਲ ਨਵੇਂ ਟਿਊਬਵੈੱਲ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਅਤੇ ਨਾਲ ਹੀ ਬੈਂਕ ਆਫ਼ ਬੜੌਦਾ ਦੇ ਏ. ਟੀ. ਐੱਮ. ਤੋਂ ਲੈ ਕੇ ਪਿੰਡ ਛੱਤ ਤੱਕ 49.50 ਲੱਖ ਰੁ. ਦੀ ਲਾਗਤ ਨਾਲ ਡਰੇਨੇਜ਼ ਅਤੇ ਟਾਇਲਾਂ ਵਿਛਾਉਣ ਦੇ ਕੰਮ ਸ਼ੁਰੂ ਕਰਵਾਏ ਗਏ | ਇਸ ਮੌਕੇ ਵਿਧਾਇਕ ਰੰਧਾਵਾ ਨੇ ਸ਼ਹਿਰ 'ਚ ਸੀਵਰੇਜ ਮੈਨਹੋਲਾਂ ਦੀ ਸਫ਼ਾਈ ਲਈ ਚਾਰ ਨਵੀਆਂ ਗ੍ਰੈਬ ਬਕੇਟ ਮਸ਼ੀਨਾਂ ਨੂੰ ਵੀ ਹਰੀ ਝੰਡੀ ਦਿਖਾਈ | ਇਹ ਮਸ਼ੀਨਾਂ 47 ਲੱਖ ਰੁ. ਦੀ ਲਾਗਤ ਨਾਲ ਖ਼ਰੀਦੀਆਂ ਗਈਆਂ ਹਨ | ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ, ਕੌਂਸਲਰ ਅਤੇ 'ਆਪ' ਦੇ ਆਗੂ ਤੇ ਵਰਕਰ ਵੀ ਹਾਜ਼ਰ ਸਨ |