ਮੁੱਲਾਂਪੁਰ ਗਰੀਬਦਾਸ, 12 ਫਰਵਰੀ (ਦਿਲਬਰ ਸਿੰਘ ਖੈਰਪੁਰ)-ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੀ ਮੁਹਿੰਮ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅੱਜ ਸਵੇਰੇ ਇਥੋਂ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ (ਨਿਊ ਚੰਡੀਗੜ) ਦਾ ਅਚਨਚੇਤ ਦੌਰਾ ਕੀਤਾ ਗਿਆ | ਉਨਾਂ ਸਕੂਲ ਕੈਂਪਸ ਦੇ ਆਧੁਨਿਕੀਕਰਨ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਕ ਹਫ਼ਤੇ ਦੇ ਅੰਦਰ ਵਿਸਥਾਰ ਸਹਿਤ ਪ੍ਰਾਜੈਕਟ ਰਿਪੋਰਟ ਜਮਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ | ਇਹ ਸਕੂਲ ਚੰਡੀਗੜ ਦੇ ਨੇੜੇ ਸਥਿਤ ਹੋਣ ਦੇ ਬਾਵਜੂਦ ਕਲਾਸ ਰੂਮਾਂ ਦੀ ਮਾੜੀ ਹਾਲਤ ਹੈ ਅਤੇ ਇਥੇ ਤੁਰੰਤ ਪੇਂਟ ਕਰਨ ਦੀ ਲੋੜ ਹੈ, ਜਿਸ 'ਤੇ ਨਾਖੁਸ਼ੀ ਜ਼ਾਹਿਰ ਕਰਦਿਆਂ ਮੰਤਰੀ ਬੈਂਸ ਨੇ ਡਾਇਰੈਕਟਰ (ਸੈਕੰਡਰੀ ਸਿੱਖਿਆ) ਨੂੰ ਫੋਨ ਕਰਕੇ ਇਸ ਸੰਬੰਧੀ ਤੁਰੰਤ ਇਕ ਨਿਰੀਖਣ ਟੀਮ ਗਠਿਤ ਕਰਕੇ ਸਕੂਲ ਦੇ ਦੌਰੇ 'ਤੇ ਭੇਜਣ ਅਤੇ ਇਕ ਹਫ਼ਤੇ ਦੇ ਅੰਦਰ ਡੀ. ਪੀ. ਆਰ. ਪੇਸ਼ ਕਰਨ ਦੇ ਆਦੇਸ਼ ਦਿੱਤੇ | ਉਨਾਂ ਇਸ ਸਕੂਲ ਨੂੰ ਇਕ ਮਿਆਰੀ ਮਾਡਲ ਸਿੱਖਿਆ ਸੰਸਥਾ 'ਚ ਬਦਲਣ ਦੀ ਵਚਨਬੱਧਤਾ ਜ਼ਾਹਿਰ ਕੀਤੀ | ਇਸ ਦੌਰਾਨ ਸਿੱਖਿਆ ਮੰਤਰੀ ਬੈਂਸ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸਿੱਖਿਆ ਦੀ ਗੁਣਵੱਤਾ ਬਾਰੇ ਫੀਡਬੈਕ ਲਿਆ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ 'ਚ ਵੱਡੇ ਤੇ ਉੱਚੇ ਟੀਚੇ ਮਿੱਥਣ ਅਤੇ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਿਆਂ ਆਪਣੇ ਜੀਵਨ 'ਚ ਬੁਲੰਦੀਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਨੇ ਸਿੱਖਿਆ ਮੰਤਰੀ ਨੂੰ ਦੱਸਿਆ ਕਿ 15 ਲੱਖ ਰੁ. ਦੀ ਗ੍ਰਾਂਟ ਨਾਲ ਸਕੂਲ ਦੇ ਖੇਡ ਮੈਦਾਨ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਸ 'ਤੇ ਸਿੱਖਿਆ ਮੰਤਰੀ ਨੇ ਪਿ੍ੰਸੀਪਲ ਨੂੰ ਇਸ ਖੇਡ ਮੈਦਾਨ ਨੂੰ ਸਥਾਨਕ ਬੱਚਿਆਂ ਲਈ ਸ਼ਾਮ ਨੂੰ ਖੁੱਲੇ ਰੱਖਣ ਲਈ ਕਿਹਾ | ਸਿੱਖਿਆ 'ਚ ਸੁਧਾਰ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨਾਂ ਕਿਹਾ ਕਿ ਉਹ ਸਕੂਲ ਦੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਨੂੰ ਯਕੀਨੀ ਬਣਾਉਣ ਲਈ ਨਿੱਜੀ ਤੌਰ 'ਤੇ ਨਿਗਰਾਨੀ ਕਰਨਗੇ | ਉਨਾਂ ਸਰਕਾਰੀ ਸਕੂਲਾਂ ਨੂੰ ਚੋਟੀ ਦੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਖੜਾ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ |