ਐੱਸ. ਏ. ਐੱਸ. ਨਗਰ, 13 ਫਰਵਰੀ (ਕਪਿਲ ਵਧਵਾ)-ਸਾਲ 2018 ਵਿਚ ਰੇਤ ਚੋਰੀ ਕਰਨ ਅਤੇ ਵਣ ਵਿਭਾਗ ਦੀ ਟੀਮ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਮੁਹਾਲੀ ਅਦਾਲਤ ਨੇ 6 ਦੋਸ਼ੀਆਂ ਨੂੰ 3-3 ਸਾਲਾਂ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਇਹ ਮਾਮਲਾ ਵਣ ਰੱਖਿਆ ਕਰਮਚਾਰੀ ਰਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ | ਸ਼ਿਕਾਇਤ ਅਨੁਸਾਰ ਸਾਲ 2018 'ਚ 18-19 ਜੂਨ ਦੀ ਦਰਮਿਆਨੀ ਰਾਤ ਨੂੰ ੂ ਬਲਾਕ ਅਫ਼ਸਰ ਮਾਜਰੀ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸ਼ੂੰਕ ਦੇ ਬਲਵਿੰਦਰ ਸਿੰਘ ਭਿੰਦਾ ਪੰਚ ਦਾ ਪੁੱਤਰ ਗ਼ੈਰਕਾਨੂੰਨੀ ਤੌਰ 'ਤੇ ਰੇਤ ਚੋਰੀ ਕਰਕੇ ਟਰੈਕਟਰ-ਟਰਾਲੀ ਰਾਹੀਂ ਚੰਡੀਗੜ੍ਹ ਵੱਲ ਲੈ ਕੇ ਜਾ ਰਿਹਾ ਹੈ | ਸੂਚਨਾ ਮਿਲਣ ਉਪਰੰਤ ਰਵਿੰਦਰ ਸਿੰਘ ਫੋਰੈਸਟ ਗਾਰਡ ਨੇ ਦਵਿੰਦਰ ਸਿੰਘ ਬਲਾਕ ਅਫ਼ਸਰ, ਕਰਨੈਲ ਸਿੰਘ ਅਤੇ ਰਾਜਿੰਦਰ ਸਿੰਘ ਨਾਲ ਮਿਲ ਕੇ ਪਿੰਡ ਸ਼ਿੰਗਰੀਵਾਲ ਤੋਂ ਪਿੰਡ ਸ਼ੂੰਕ ਅਤੇ ਪਿੰਡ ਪੜਛ ਤੋਂ ਖੁੱਡਾ ਲਹੌਰਾਂ ਨੂੰ ਜਾਣ ਵਾਲੀ ਸੜਕ 'ਤੇ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਰਾਤ ਦੇ ਕਰੀਬ 10 ਵਜੇ ਪਿੰਡ ਸ਼ਿੰਗਰੀਵਾਲ ਨੇੜੇ ਜਦੋਂ ਇਕ ਟਰੈਕਟਰ-ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਟਰੈਕਟਰ ਚਾਲਕ ਨੇ ਰੁਕਣ ਦੀ ਬਜਾਏ ਰੇਤ ਉਤਾਰਨੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਇਕ ਹੁੰਡਈ ਕਾਰ ਵਿਚ ਸਵਾਰ ਪੰਜ ਵਿਅਕਤੀ ਮੌਕੇ 'ਤੇ ਪਹੁੰਚ ਗਏ ਅਤੇ ਟਰੈਕਟਰ ਚਾਲਕ ਨਾਲ ਮਿਲ ਕੇ ਉਨ੍ਹਾਂ ਫੋਰਸੈਟ ਵਿਭਾਗ ਦੇ ਕਰਮਚਾਰੀਆਂ 'ਤੇ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ | ਹਮਲੇ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ | ਇਸ ਤੋਂ ਬਾਅਦ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਵਲੋਂ ਆਈ. ਪੀ. ਸੀ. ਦੀ ਧਾਰਾ 307, 353, 186, 332, 148, 149 ਤਹਿਤ ਐੱਫ. ਆਈ. ਆਰ. ਦਰਜ ਕਰਕੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਇਸ ਮਾਮਲੇ ਦੀ ਅਦਾਲਤ 'ਚ ਅਗਵਾਈ ਰਾਜ ਪੱਖ ਦੀ ਤਰਫੋਂ ਸਰਕਾਰੀ ਵਕੀਲ ਜੇ. ਐੱਸ. ਅਟਵਾਲ ਵਲੋਂ ਕੀਤੀ ਗਈ | ਕਈ ਸਾਲ ਮਾਮਲੇ ਦੀ ਸੁਣਵਾਈ ਚੱਲਣ ਉਪਰੰਤ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ 3-3 ਸਾਲਾਂ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਆਪਣੇ ਫ਼ੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਹਮਲਾ ਸਾਬਿਤ ਹੋਣ ਦੇ ਬਾਵਜੂਦ ਕਤਲ ਦੇ ਇਰਾਦੇ ਦੀ ਪੁਸ਼ਟੀ ਨਹੀਂ ਹੋ ਸਕੀ, ਜਿਸ ਕਾਰਨ ਉਸ ਸੰਬੰਧੀ ਬਣਦੀ ਧਾਰਾ ਅਧੀਨ ਦੋਸ਼ ਸਾਬਿਤ ਨਹੀਂ ਹੋਏ |