ਪੰਚਕੂਲਾ, 13 ਫਰਵਰੀ (ਕਪਿਲ)-ਪੰਚਕੂਲਾ 'ਚ ਅੱਜ ਜ਼ਿਲ੍ਹਾ ਸਕੱਤਰੇਤ ਦੇ ਬਾਹਰ ਲੋਕਤੰਤਰ ਸੁਰੱਖਿਆ ਪਾਰਟੀ ਵਲੋਂ ਯੂ. ਜੀ. ਸੀ. ਦੇ ਸਮਰਥਨ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਪ੍ਰਦਰਸ਼ਨ ਦੀ ਅਗਵਾਈ ਸਾਬਕਾ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਵਲੋਂ ਕੀਤੀ ਗਈ | ਇਸ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਆਪਣੇ ਕਾਰਕੰੁਨਾਂ ਸਮੇਤ ਜ਼ਿਲ੍ਹਾ ਸਕੱਤਰੇਤ ਦੇ ਬਾਹਰ ਪੁੱਜੇ ਅਤੇ ਉਨ੍ਹਾਂ ਦੇ ਯੂ. ਜੀ. ਸੀ. ਦੇ ਹੱਕ 'ਚ ਨਾਅਰੇਬਾਜ਼ੀ ਕਰਦਿਆਂ ਇਸ ਨੂੰ ਲਾਗੂ ਕਰਨ ਦੀ ਮੰਗ ਕੀਤੀ | ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਮੌਕੇ 'ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ | ਇਸ ਦੇ ਨਾਲ ਹੀ ਲੋਕਤੰਤਰ ਸੁਰੱਖਿਆ ਪਾਰਟੀ ਵਲੋਂ ਪੰਚਕੂਲਾ ਪ੍ਰਸ਼ਾਸਨ ਦੇ ਰਾਹੀਂ ਰਾਸ਼ਟਰਪਤੀ ਦੇ ਨਾਂਅ ਯੂ. ਜੀ. ਸੀ. ਸੰਬੰਧੀ ਮੰਗ-ਪੱਤਰ ਸੌਂਪਿਆ ਗਿਆ ਅਤੇ ਮੰਗ ਕੀਤੀ ਗਈ ਕਿ ਇਸ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ | ਰੋਸ ਪ੍ਰਦਰਸ਼ਨ ਉਪਰੰਤ ਲੋਕਤੰਤਰ ਸੁਰੱਖਿਆ ਪਾਰਟੀ ਦੇ ਆਗੂ ਅਤੇ ਸਾਬਕਾ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹੁਣ ਤੱਕ ਯੂ. ਜੀ. ਸੀ. ਨੂੰ ਲੈ ਕੇ ਹਰਿਆਣਾ ਦੇ 19 ਜ਼ਿਲਿ੍ਹਆਂ 'ਚ ਪ੍ਰਦਰਸ਼ਨ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅਸੀਂ ਯੂ. ਜੀ. ਸੀ. ਦੇ ਮਾਮਲੇ 'ਚ ਸਰਕਾਰ ਦਾ ਸਮਰਥਨ ਕਰਨ ਲਈ ਆਏ ਹਾਂ ਅਤੇ ਜੇਕਰ ਸਰਕਾਰ ਦਾ ਸਮਰਥਨ ਕਰਨ 'ਤੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਮੈਨੂੰ ਬਿਨਾਂ ਸੂਚਨਾ ਦਿੱਤੇ ਪ੍ਰਦਰਸ਼ਨ ਕਰਨ ਬਾਬਤ ਨੋਟਿਸ ਵੀ ਦਿੱਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਬੈਕਵਰਡ ਕਲਾਸ ਨਾਲ ਹਮੇਸ਼ਾ ਭੇਦਭਾਵ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਯੂ. ਜੀ. ਸੀ. ਕਾਨੂੰਨ 'ਚ 10 ਮੈਂਬਰਾਂ ਦੀ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਹੈ, ਪਰ ਕਿਧਰੇ ਵੀ ਇਹ ਨਹੀਂ ਲਿਖਿਆ ਗਿਆ ਕਿ ਇਸ 'ਚ ਸਾਰੇ ਐੱਸ. ਸੀ./ਬੀ. ਸੀ. ਲੋਕ ਸ਼ਾਮਿਲ ਹੋਣਗੇ ਅਤੇ ਜਨਰਲ ਸ਼੍ਰੇਣੀ ਨਾਲ ਭੇਦਭਾਵ ਕੀਤਾ ਜਾਵੇਗਾ |