07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

'ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਿਹਤ ਕੈਂਪਾਂ 'ਚ ਲਗਭਗ 9,000 ਸੀਨੀਅਰ ਨਾਗਰਿਕ ਹੋਏ ਰਜਿਸਟਰਡ- ਡਾ. ਬਲਜੀਤ ਕੌਰ <br/>

ਅਜੀਤ ਡੈਸਕ 14-02-2026
ਚੰਡੀਗੜ੍ਹ, 13 ਫਰਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੀਨੀਅਰ ਨਾਗਰਿਕਾਂ ਦੀ ਸਿਹਤ, ਸੁਰੱਖਿਆ ਤੇ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜ਼ਮੀਨੀ ਪੱਧਰ 'ਤੇ ਕੀਤੇ ਜਾ ਰਹੇ ਉਪਰਾਲਿਆਂ ਰਾਹੀਂ ਉਨ੍ਹਾਂ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਲਗਾਤਾਰ ਹੋਰ ਮਜ਼ਬੂਤ ਕਰ ਰਹੀ ਹੈ | 'ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਸੂਬਾ ਪੱਧਰੀ ਪਹੁੰਚ ਦੇ ਵੇਰਵੇ ਸਾਂਝੇ ਕਰਦਿਆਂ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੀ ਬਜ਼ੁਰਗ ਆਬਾਦੀ ਦਾ ਸਨਮਾਨ ਅਤੇ ਸਹਾਇਤਾ ਕਰਨ ਪ੍ਰਤੀ ਸੂਬਾ ਸਰਕਾਰ ਦੀ ਲੋਕ-ਪੱਖੀ ਪਹੁੰਚ ਨੂੰ ਦਰਸਾਉਂਦੀ ਹੈ | ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੀਨੀਅਰ ਨਾਗਰਿਕਾਂ ਨੂੰ ਸਮਾਜ ਦੀ ਕੀਮਤੀ ਸੰਪਤੀ ਮੰਨਦੀ ਹੈ ਅਤੇ ਉਨ੍ਹਾਂ ਦੀ ਸਿਹਤ, ਸੁਰੱਖਿਆ ਤੇ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ 'ਤੇ ਪ੍ਰਭਾਵੀ ਤੇ ਲੋਕ-ਕੇਂਦਿ੍ਤ ਕਦਮ ਚੁੱਕ ਰਹੀ ਹੈ | 'ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਤਹਿਤ, ਹੁਣ ਤੱਕ ਲਗਪਗ 9,000 ਸੀਨੀਅਰ ਨਾਗਰਿਕ ਰਜਿਸਟਰਡ ਹੋਏ ਹਨ ਤੇ ਉਨ੍ਹਾਂ ਨੂੰ ਸੂਬੇ ਭਰ ਵਿਚ ਲਗਾਏ ਗਏ ਜ਼ਿਲ੍ਹਾਵਾਰ ਸਿਹਤ ਕੈਂਪਾਂ ਤੋਂ ਸਿੱਧੇ ਤੌਰ 'ਤੇ ਲਾਭ ਮਿਲਿਆ ਹੈ | ਪੰਜਾਬ ਦੇ ਸਮਾਜਿਕ ਸੁਰੱਖਿਆ ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਮੁਹਿੰਮ ਦੇ ਪ੍ਰਭਾਵੀ ਨਤੀਜਿਆਂ ਨੂੰ ਉਜਾਗਰ ਕਰਦਿਆਂ ਵਿਸਥਾਰਤ ਅੰਕੜੇ ਸਾਂਝੇ ਕੀਤੇ | ਡਾ. ਬਲਜੀਤ ਕੌਰ ਨੇ ਦੱਸਿਆ ਕਿ ਰਜਿਸਟਰਡ ਲਾਭਪਾਤਰੀਆਂ ਵਿਚੋਂ 2,268 ਸੀਨੀਅਰ ਨਾਗਰਿਕਾਂ ਨੇ ਆਮ ਸਿਹਤ ਜਾਂਚ, 1,241 ਨੇ ਆਰਥੋਪੀਡਿਕ ਅਤੇ 2,607 ਸੀਨੀਅਰ ਨਾਗਰਿਕਾਂ ਨੇ ਅੱਖਾਂ ਦੀ ਜਾਂਚ ਕਰਵਾਈ | ਇਸ ਤੋਂ ਇਲਾਵਾ 631 ਸੀਨੀਅਰ ਨਾਗਰਿਕਾਂ ਨੇ ਯੋਗਾ ਸੈਸ਼ਨਾਂ ਵਿਚ ਹਿੱਸਾ ਲਿਆ, 551 ਨੇ ਹੋਮਿਓਪੈਥਿਕ ਇਲਾਜ ਕਰਵਾਇਆ ਅਤੇ 791 ਨੇ ਆਯੁਰਵੈਦਿਕ ਸਿਹਤ ਸੇਵਾਵਾਂ ਤੋਂ ਲਾਭ ਉਠਾਇਆ | ਇਹ ਅੰਕੜੇ ਪੰਜਾਬ ਭਰ ਵਿਚ ਮੁਹਿੰਮ ਦੀ ਵਿਆਪਕ ਪਹੁੰਚ ਅਤੇ ਪ੍ਰਭਾਵੀ ਲਾਗੂਕਰਨ ਨੂੰ ਦਰਸਾਉਂਦੇ ਹਨ | ਹੋਰਨਾਂ ਭਲਾਈ ਸੇਵਾਵਾਂ ਬਾਰੇ ਵਿਸਥਾਰ ਵਿਚ ਦੱਸਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਏ.ਐਲ.ਆਈ.ਐਮ.ਸੀ.ਓ. ਸਕੀਮ ਤਹਿਤ, 243 ਸੀਨੀਅਰ ਨਾਗਰਿਕ ਰਜਿਸਟਰ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 89 ਨੂੰ ਵ੍ਹੀਲਚੇਅਰ, ਐਨਕਾਂ ਅਤੇ ਸੁਣਨ ਵਾਲੀਆਂ ਮਸ਼ੀਨਾਂ ਵਰਗੇ ਸਹਾਇਕ ਉਪਕਰਨ ਪ੍ਰਦਾਨ ਕੀਤੇ ਗਏ ਸਨ | ਇਸ ਤੋਂ ਇਲਾਵਾ ਕੈਂਪਾਂ ਦੌਰਾਨ 233 ਸੀਨੀਅਰ ਨਾਗਰਿਕਾਂ ਦੇ ਬੁਢਾਪਾ ਪੈਨਸ਼ਨ ਫਾਰਮ ਭਰਨ ਸਬੰਧੀ ਪ੍ਰਕਿਰਿਆ ਕੀਤੀ ਗਈ ਅਤੇ 306 ਲਾਭਪਾਤਰੀਆਂ ਨੂੰ ਸੀਨੀਅਰ ਸਿਟੀਜ਼ਨ ਕਾਰਡ ਜਾਰੀ ਕੀਤੇ ਗਏ | ਜ਼ਿਲ੍ਹਾਵਾਰ ਵੇਰਵੇ ਦਿੰਦਿਆਂ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸ੍ਰੀ ਅੰਮਿ੍ਤਸਰ ਸਾਹਿਬ, ਬਰਨਾਲਾ, ਬਠਿੰਡਾ, ਫ਼ਤਿਹਗੜ੍ਹ ਸਾਹਿਬ, ਫ਼ਿਰੋਜਪੁਰ, ਫ਼ਾਜ਼ਿਲਕਾ, ਹੁਸ਼ਿਆਰਪੁਰ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਮਾਨਸਾ, ਪਟਿਆਲਾ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ ਜ਼ਿਲਿ੍ਹਆਂ ਵਿਚ ਪਹਿਲਾਂ ਹੀ ਸੀਨੀਅਰ ਨਾਗਰਿਕਾਂ ਲਈ ਸਿਹਤ ਜਾਂਚ ਕੈਂਪ ਸਫਲਤਾਪੂਰਵਕ ਲਗਾਏ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਹਤ ਕੈਂਪਾਂ ਵਿਚ ਬਜ਼ੁਰਗ ਨਾਗਰਿਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਫ਼ਰੀਦਕੋਟ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਮਲੇਰਕੋਟਲਾ, ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ ਅਤੇ ਤਰਨਤਾਰਨ ਜ਼ਿਲਿ੍ਹਆਂ ਵਿਚ ਵੀ ਕੈਂਪ ਲਗਾਏ ਜਾਣਗੇ | ਇਸ ਪਹਿਲਕਦਮੀ ਦੀ ਵਿੱਤੀ ਫ਼ੰਡਾਂ 'ਤੇ ਚਾਨਣਾ ਪਾਉਂਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ 'ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਤਹਿਤ, ਸੀਨੀਅਰ ਸਿਟੀਜਨਜ ਲਈ ਰਾਜ ਕਾਰਜ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਸਿਹਤ ਕੈਂਪਾਂ ਅਤੇ ਸਬੰਧਿਤ ਗਤੀਵਿਧੀਆਂ ਲਈ 7.86 ਕਰੋੜ ਰੁਪਏ ਦੇ ਬਜਟ ਦਾ ਉਪਬੰਧ ਕੀਤਾ ਗਿਆ ਹੈ | ਸੂਬੇ ਭਰ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੈਂ ਪਰਿਵਾਰਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੇ ਬਜ਼ੁਰਗਾਂ ਨੂੰ ਇਨ੍ਹਾਂ ਸਿਹਤ ਕੈਂਪਾਂ ਵਿਚ ਲਿਆਉਣ ਤਾਂ ਜੋ ਵੱਧ ਤੋਂ ਵੱਧ ਸੀਨੀਅਰ ਨਾਗਰਿਕ ਪੰਜਾਬ ਸਰਕਾਰ ਦੀਆਂ ਭਲਾਈ ਪਹਿਲਕਦਮੀਆਂ ਦਾ ਲਾਭ ਉਠਾ ਸਕਣ |
13ਸੀਐਚਡੀ03
ਡਾ. ਬਲਜੀਤ ਕੌਰ


ਪਿਛਲੀ ਖ਼ਬਰ ਆੜ੍ਹਤੀਆਂ ਤੇ ਆਟਾ ਮਿੱਲ ਐਸੋਸੀਏਸ਼ਨ ਵਲੋਂ ਕੇਂਦਰੀ ਫੂਡ ਸਪਲਾਈ ਮੰਤਰੀ ਨਾਲ ਮੁਲਾਕਾਤ <br/> ਅਗਲੀ ਖ਼ਬਰ ਲੋਕਤੰਤਰ ਸੁਰੱਖਿਆ ਪਾਰਟੀ ਵਲੋਂ ਯੂ. ਜੀ. ਸੀ. ਦੇ ਸਮਰਥਨ 'ਚ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।