ਜ਼ਿਲ੍ਹਾ ਅਪਰਾਧ ਸੈੱਲ ਵਲੋਂ 7 ਚੋਰ ਕਾਬੂ <br/>
ਅਜੀਤ ਡੈਸਕ
15-02-2026
ਪਹਿਲਾ ਮਾਮਲਾ
ਥਾਣਾ ਸੈਕਟਰ-36 ਵਿਖੇ 11 ਫਰਵਰੀ ਨੂੰ ਕਮਲੇਸ਼ ਪਤਨੀ ਪ੍ਰੇਮ ਚੰਦ ਵਾਸੀ ਪਿੰਡ ਕਜਹੇੜੀ, ਸੈਕਟਰ-52 ਚੰਡੀਗੜ੍ਹ ਦੀ ਸ਼ਿਕਾਇਤ 'ਤੇ ਉਕਤ ਮਾਮਲਾ ਦਰਜ ਹੋਇਆ ਸੀ | ਸ਼ਿਕਾਇਤ ਅਨੁਸਾਰ ਘਰ 'ਚੋਂ ਇਕ ਜੋੜਾ ਸੋਨੇ ਦੀਆਂ ਵਾਲੀਆਂ, 2 ਤੋਲੇ ਦੀ ਸੋਨੇ ਦੀ ਚੇਨ, ਦੋ ਸੋਨੇ ਦੀਆਂ ਅੰਗੂਠੀਆਂ, ਇਕ ਜੋੜਾ ਚਾਂਦੀ ਦੀ ਪਾਇਲ, ਕਰੀਬ 15 ਹਜ਼ਾਰ ਰੁਪਏ ਨਕਦ, ਐੱਸ. ਬੀ. ਆਈ. ਬੈਂਕ ਦੀ ਚੈੱਕ ਬੁੱਕ ਅਤੇ ਇਕ ਸਿਲੰਡਰ ਚੋਰੀ ਹੋ ਗਿਆ ਸੀ | ਸੀ. ਸੀ. ਟੀ. ਵੀ ਫੁਟੇਜ ਵਿਚ ਇਕ ਵਿਅਕਤੀ ਚੋਰੀ ਕਰਕੇ ਸਾਈਕਲ 'ਤੇ ਜਾਂਦਾ ਦੇਖਿਆ ਗਿਆ | ਜਾਂਚ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਅਮਿਤ ਵਾਸੀ ਬੜਮਾਜਰਾ ਨੂੰ ਜੀਰੀ ਮੰਡੀ ਮਲੋਆ ਨੇੜੇ ਉਸ ਵੇਲੇ ਕਾਬੂ ਕੀਤਾ ਗਿਆ, ਜਦੋਂ ਉਹ ਚੋਰੀਸੁਦਾ ਗਹਿਣੇ ਵੇਚਣ ਜਾ ਰਿਹਾ ਸੀ | ਪੁਲਿਸ ਨੇ ਉਸਦੇ ਕਬਜ਼ੇ ਵਿਚੋਂ ਸਾਰੇ ਚੋਰੀਸੁਦਾ ਗਹਿਣੇ ਬਰਾਮਦ ਕਰ ਲਏ |
ਦੂਜਾ ਮਾਮਲਾ
ਇਹ ਮਾਮਲਾ ਐੱਸ.ਸੀ.ਓ. ਨੰਬਰ 43, ਸੈਕਟਰ-7 ਸਥਿਤ ਗੁੱਡ ਐਂਡ ਕਾਇੰਡ ਫੂਡ ਪ੍ਰਾਈਵੇਟ ਲਿਮਿਟਡ ਦੀ ਇਮਾਰਤ ਦੀ ਛੱਤ 'ਤੇ ਲੱਗੀਆਂ 4 ਏ.ਸੀ. ਅਤੇ ਇਕ ਕੋਲਡ ਰੂਮ ਦੀਆਂ ਤਾਂਬੇ ਦੀਆਂ ਪਾਈਪਾਂ ਚੋਰੀ ਹੋਣ ਸਬੰਧੀ ਸੀ | ਜਿਸ ਤੋਂ ਬਾਅਦ ਗੁਪਤ ਸੂਚਨਾ ਦੇ ਆਧਾਰ 'ਤੇ ਵਾਹਿਦ ਉਰਫ ਮੱਛਰ, ਸਚਿਨ ਪਾਲ, ਸੋਮ ਨਾਥ, ਪਵਨ, ਸੰਜੈ ਅਤੇ ਮੁਕੇਸ਼ ਨੂੰ ਮੱਧ ਮਾਰਗ ਰੋਡ ਗ੍ਰੀਨ ਬੈਲਟ ਅਤੇ ਟ੍ਰਾਂਸਪੋਰਟ ਏਰੀਆ ਦੀ ਕੱਚੀ ਪਾਰਕਿੰਗ ਤੋਂ ਕਾਬੂ ਕੀਤਾ ਗਿਆ | ਤਲਾਸੀ ਦੌਰਾਨ ਉਨ੍ਹਾਂ ਕੋਲੋਂ 6 ਬੋਰੀਆਂ ਵਿਚ ਕਰੀਬ 90-100 ਛੋਟੇ-ਵੱਡੇ ਤਾਂਬੇ ਦੀਆਂ ਪਾਈਪਾਂ ਬਰਾਮਦ ਹੋਈਆਂ |
ਮੁਲਜ਼ਮਾਂ ਦਾ ਢੰਗ-ਤਰੀਕਾ
ਪੁਲਿਸ ਜਾਂਚ ਅਨੁਸਾਰ ਇਹ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਲਈ ਪੈਸੇ ਇਕੱਠੇ ਕਰਨ ਵਾਸਤੇ ਚੋਰੀਆਂ ਕਰਦੇ ਸਨ | ਪਹਿਲਾਂ ਇਲਾਕੇ ਦੀ ਰੇਕੀ ਕਰਦੇ ਅਤੇ ਮੌਕਾ ਮਿਲਣ 'ਤੇ ਅੱਧੀ ਰਾਤ ਨੂੰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਸਨ | ਪੁਲਿਸ ਵਲੋਂ ਹੋਰ ਪੁੱਛਗਿੱਛ ਜਾਰੀ ਹੈ ਤਾਂ ਜੋ ਹੋਰ ਸਮਾਨ ਵਾਰਦਾਤਾਂ ਵਿਚ ਉਨ੍ਹਾਂ ਦੀ ਸੰਭਾਵਿਤ ਸ਼ਮੂਲੀਅਤ ਦਾ ਪਤਾ ਲੱਗ ਸਕੇ |