07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਚਾਚੇ ਦਾ ਕਤਲ ਕਰਨ ਉਪਰੰਤ ਹਸਪਤਾਲ 'ਚ ਦਾਖਲ ਕਰਵਾਉਣ ਦਾ ਕੀਤਾ ਡਰਾਮਾ

ਅਜੀਤ ਡੈਸਕ 04-03-2026
ਐੱਸ. ਏ. ਐੱਸ. ਨਗਰ, 3 ਮਾਰਚ (ਕਪਿਲ ਵਧਵਾ)-ਸਥਾਨਕ ਪਿੰਡ ਮੁਹਾਲੀ ਵਿਖੇ ਦੋ ਭਰਾਵਾਂ ਵਲੋਂ ਆਪਣੇ ਦੋਸਤ ਨਾਲ ਮਿਲੀਭੁਗਤ ਕਰਕੇ ਆਪਣੇ ਹੀ ਚਾਚੇ ਦਾ ਕਤਲ ਕੀਤਾ ਗਿਆ ਅਤੇ ਫਿਰ ਫੜ੍ਹੇ ਜਾਣ ਤੋਂ ਬਚਣ ਲਈ ਮਿ੍ਤਕ ਨੂੰ ਹਸਪਤਾਲ ਵਿਖੇ ਦਾਖਲ ਕਰਵਾਉਣ ਦਾ ਡਰਾਮਾ ਕੀਤਾ ਗਿਆ | ਇਸ ਮਾਮਲੇ 'ਚ ਸਥਾਨਕ ਫੇਜ਼-1 ਦੀ ਥਾਣਾ ਪੁਲਿਸ ਨੇ ਦੋ ਨਾਬਾਲਗਾਂ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਦੀਪਕ ਉਰਫ ਰੌਸ਼ਨ ਵਜੋਂ ਹੋਈ ਹੈ ਜੋ ਉੱਤਰਾਂਖੰਡ ਦਾ ਰਹਿਣ ਵਾਲਾ ਹੈ | ਇਸ ਪੂਰੇ ਮਾਮਲੇ ਬਾਬਤ ਜਾਣਕਾਰੀ ਦਿੰਦਿਆ ਡੀ. ਐਸ. ਪੀ. ਸਿਟੀ-1 ਪਿ੍ਥਵੀ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਤੋਂ ਰੁੱਕਾ ਪ੍ਰਾਪਤ ਹੁੰਦਾ ਹੈ, ਜਿਸ ਦੇ ਅਨੁਸਾਰ 2 ਮਾਰਚ ਦੀ ਸਵੇਰ ਤਿੰਨ ਨੌਜਵਾਨਾਂ ਦੀਪਕ ਤੇ ਉਸਦੇ ਚਾਚੇ ਦਾ ਮੁੰਡਾ ਅਤੇ ਇਕ ਹੋਰ 17 ਸਾਲਾ ਨੌਜਵਾਨ ਵਲੋਂ ਮਿ੍ਤਕ ਦਿਆਲ ਸਿੰਘ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਦਿਆਲ ਸਿੰਘ ਬਾਹਰੋਂ ਲੜ ਕੇ ਘਰ ਆਉਂਦਾ ਹੈ ਅਤੇ ਬੇਸੁੱਧ ਹੋ ਕੇ ਡਿੱਗ ਪੈਂਦਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਦੀਪਕ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤਿਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ | ਡੀ. ਐਸ. ਪੀ. ਨੇ ਦੱਸਿਆ ਕਿ ਮਿ੍ਤਕ ਦਿਆਲ ਸਿੰਘ ਆਪਣੀ ਸਗੀ ਭਤੀਜੀ ਨੂੰ ਸ਼ਰਾਬ ਪੀ ਕੇ ਛੇੜਦਾ ਸੀ, ਜਿਸ ਕਾਰਨ ਉਸ ਲੜਕੀ ਦੇ ਨਾਬਾਲਗ਼ ਭਰਾ ਨਾਲ ਅਕਸਰ ਲੜਾਈ ਹੁੰਦੀ ਰਹਿੰਦੀ ਸੀ | ਐਤਵਾਰ ਰਾਤ ਨੂੰ ਦਿਆਲ ਸਿੰਘ ਫਿਰ ਤੋਂ ਸ਼ਰਾਬ ਪੀ ਕੇ ਆਉਂਦਾ ਹੈ ਅਤੇ ਆਪਣੀ ਭਤੀਜੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ 'ਤੇ ਸੁਧੀਰ (ਕਾਲਪਨਿਕ ਨਾਂਅ) ਆਪਣੇ ਤਾਏ ਦੇ ਮੁੰਡੇ ਦੀਪਕ ਅਤੇ ਆਪਣੇ ਇਕ ਦੋਸਤ ਕੁਲਦੀਪ ਸਿੰਘ (ਕਾਲਪਨਿਕ ਨਾਂਅ) ਨੂੰ ਬੁਲਾਉਂਦਾ ਹੈ ਅਤੇ ਇਹ ਮਿਲ ਕੇ ਦਿਆਲ ਸਿੰਘ ਦੀ ਛਾਤੀ 'ਤੇ ਕਿਰਚ ਨਾਲ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ | ਪੁਲਿਸ ਜਾਂਚ ਦੀ ਸ਼ੁਰੂਆਤ 'ਚ ਹੀ ਇਨ੍ਹਾਂ ਦੀ ਭੂਮਿਕਾ ਸ਼ੱਕੀ ਲੱਗੀ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਅਨੁਸਾਰ ਉਨ੍ਹਾਂ ਦਾ ਚਾਚਾ ਐਤਵਾਰ ਰਾਤ ਨੂੰ ਜ਼ਖਮੀ ਹੋ ਕੇ ਘਰ ਆਉਂਦਾ ਹੈ, ਪਰ ਉਸਨੂੰ ਕਈ ਘੰਟਿਆਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿਸ 'ਤੇ ਪੁਲਿਸ ਨੇ ਪਹਿਲਾਂ ਦੀਪਕ ਨੂੰ ਗਿ੍ਫ਼ਤਾਰ ਕੀਤਾ ਅਤੇ ਬਾਅਦ 'ਚ ਮੰਗਲਵਾਰ ਨੂੰ ਬਾਕੀ ਦੋਵਾਂ ਨਾਬਾਲਗਾਂ ਨੂੰ ਵੀ ਕਾਬੂ ਕਰ ਲਿਆ ਗਿਆ | ਇਸ ਮਾਮਲੇ 'ਚ ਅਗਲੀ ਕਾਰਵਾਈ ਜਾਰੀ ਹੈ |

ਪਿਛਲੀ ਖ਼ਬਰ ਚੰਡੀਗੜ੍ਹ 'ਚ ਗੀਤ-ਸੰਗੀਤ ਨਾਚ ਪੇਸ਼ਕਾਰੀਆਂ ਦੇ ਸੁਮੇਲ 'ਚ ਫੁੱਲਾਂ ਨਾਲ ਖੇਡੀ ਹੋਲੀ ਅਗਲੀ ਖ਼ਬਰ ਕੌਮਾਂਤਰੀ ਮਹਿਲਾ ਦਿਵਸ ਮੌਕੇ ਆਂਗਣਵਾੜੀ ਵਰਕਰਾਂ ਕਰਨਗੀਆਂ ਵਿਧਾਨ ਸਭਾ ਦਾ ਘਿਰਾਓ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।