ਡੇਰਾਬੱਸੀ, 28 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਹੈਬਤਪੁਰ ਰੋਡ 'ਤੇ ਉਸ ਵੇਲੇ ਚੀਕ-ਚਿਹਾੜਾ ਪੈ ਗਿਆ ਜਦੋਂ ਇਕ ਸਕੂਲ ਬੱਸ ਦੇ ਡਰਾਈਵਰ ਨੇ ਅੰਨ੍ਹੇਵਾਹ ਵਾਹਨ ਬੈਕ ਕਰਦਿਆਂ ਇਕ ਬੱਚੇ ਨੂੰ ਆਪਣੀ ਲਪੇਟ 'ਚ ਲੈ ਲਿਆ | ਇਸ ਰੂਹ ਕੰਬਾਊ ਘਟਨਾ 'ਚ ਮਾਸੂਮ ਬੱਚਾ ਤਾਂ ਕਿਸਮਤ ਨਾਲ ਬਚ ਗਿਆ, ਪਰ ਉਸ ਦੀ ਸਾਈਕਲ ਬੱਸ ਦੇ ਟਾਇਰਾਂ ਹੇਠ ਆ ਕੇ ਮਲਬਾ ਬਣ ਗਈ | ਇਹ ਘਟਨਾ ਲਾਰਡ ਮਹਾਂਵੀਰ ਪਬਲਿਕ ਸਕੂਲ ਦੀ ਬੱਸ ਨਾਲ ਜੁੜੀ ਹੈ | ਮੌਕੇ 'ਤੇ ਮੌਜੂਦ ਚਸ਼ਮਦੀਦਾਂ ਮੁਤਾਬਿਕ ਬੱਸ ਸੜਕ 'ਤੇ ਰੁਕੀ ਸੀ ਅਤੇ ਡਰਾਈਵਰ ਨੇ ਬਿਨਾਂ ਪਿੱਛੇ ਦੇਖੇ ਅਚਾਨਕ ਤੇਜ਼ੀ ਨਾਲ ਬੱਸ ਪਿੱਛੇ ਮੋੜ ਦਿੱਤੀ ਅਤੇ ਇਸ ਦੌਰਾਨ ਪਿੱਛੇ ਸਾਈਕਲ 'ਤੇ ਆ ਰਿਹਾ ਬੱਚਾ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਜਾਨ ਬਚਾਉਣ ਲਈ ਪਿੱਛੇ ਨੂੰ ਕੁੱਦ ਪਿਆ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ 'ਚ ਨਿਯਮਾਂ ਦੇ ਉਲਟ ਕੋਈ ਹੈਲਪਰ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ | ਹੈਰਾਨੀ ਦੀ ਗੱਲ ਇਹ ਰਹੀ ਕਿ ਸਾਈਕਲ ਕੁਚਲਣ ਤੋਂ ਬਾਅਦ ਵੀ ਡਰਾਈਵਰ ਨੇ ਬੱਸ ਨਹੀਂ ਰੋਕੀ | ਇਸ ਹਾਦਸੇ ਦੌਰਾਨ ਭਾਵੇਂ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਮਾਨਸਿਕ ਤੌਰ 'ਤੇ ਉਹ ਬੇਹੱਦ ਡਰਿਆ ਹੋਇਆ ਹੈ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਕੂਲ ਪ੍ਰਬੰਧਕਾਂ ਅਤੇ ਲਾਪ੍ਰਵਾਹ ਡਰਾਈਵਰ 'ਤੇ ਸ਼ਿਕੰਜਾ ਨਾ ਕੱਸਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ |