ਚੰਡੀਗੜ੍ਹ, 28 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)- ਸਮਾਜ ਸੇਵੀ ਸੰਸਥਾ ਸਮੱਸਿਆ ਹੱਲ ਕਰਨ ਵਾਲੀ ਟੀਮ ਬਾਪੂਧਾਮ ਕਾਲੋਨੀ ਵਲੋਂ ਸਰਕਾਰੀ ਹਾਈ ਸਕੂਲ ਸੈਕਟਰ-26 ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੌਵੀਂ ਅਤੇ ਦਸਵੀਂ ਜਮਾਤਾਂ ਸ਼ਾਨਦਾਰ ਅੰਕਾਂ ਨਾਲ ਪਾਸ ਕੀਤੀਆਂ ਹਨ | ਸਮੱਸਿਆ ਹੱਲ ਕਰਨ ਵਾਲੀ ਟੀਮ ਦੇ ਆਗੂ ਮੇਵਾਰਾਮ ਦਿਲੇਰੇ ਨੇ ਕਿਹਾ ਕਿ ਜੋ ਵਿਦਿਆਰਥੀ ਅੱਜ ਸਖ਼ਤ ਮਿਹਨਤ ਅਤੇ ਲਗਨ ਨਾਲ ਅੱਗੇ ਵਧ ਰਹੇ ਹਨ, ਉਹ ਕੱਲ੍ਹ ਨੂੰ ਸਮਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ | ਇਸ ਲਈ ਬੱਚਿਆਂ ਨੂੰ ਸਿੱਖਿਆ ਦੇ ਰਾਹ 'ਤੇ ਚੱਲਦੇ ਰਹਿਣਾ ਚਾਹੀਦਾ ਹੈ | ਸ਼ੀਸ਼ਪਾਲ ਨੇ ਕਿਹਾ ਕਿ ਚੰਗੇ ਅੰਕ ਸਿਰਫ਼ ਪ੍ਰੀਖਿਆ ਦਾ ਨਤੀਜਾ ਨਹੀਂ ਹਨ, ਸਗੋਂ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹਨ | ਕ੍ਰਾਂਤੀ ਸ਼ੁਕਲਾ ਨੇ ਸਕੂਲ ਦੇ ਅਧਿਆਪਕਾਂ, ਸਟਾਫ਼ ਅਤੇ ਪਿ੍ੰਸੀਪਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਕੂਲ ਨੇ ਬੱਚਿਆਂ ਨੂੰ ਨਾ ਸਿਰਫ਼ ਸਿੱਖਿਆ ਪ੍ਰਦਾਨ ਕੀਤੀ ਹੈ, ਬਲਕਿ ਉਨ੍ਹਾਂ ਨੂੰ ਸੱਭਿਆਚਾਰਕ, ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਵੀ ਭਰਪੂਰ ਕੀਤਾ ਹੈ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਸੁਨੀਤਾ ਨੇ ਸਮੱਸਿਆ ਹੱਲ ਕਰਨ ਵਾਲੀ ਟੀਮ ਬਾਪੂਧਾਮ ਦੇ ਸ਼ਲਾਘਾਯੋਗ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਨਾ ਸਿਰਫ਼ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਨੂੰ ਵਧਾਉਂਦੇ ਹਨ, ਬਲਕਿ ਸਿੱਖਿਆ ਲਈ ਇਕ ਸਕਾਰਾਤਮਿਕ ਮਾਹੌਲ ਵੀ ਬਣਾਉਂਦੇ ਹਨ |