ਕੁਰਾਲੀ, 28 ਅਪ੍ਰੈਲ (ਹਰਪ੍ਰੀਤ ਸਿੰਘ)-ਸ਼ਹਿਰ ਦੇ ਨੈਸ਼ਨਲ ਪਬਲਿਕ ਸਕੂਲ ਦੀ ਪਿ੍ੰ. ਮਧੂ ਕਾਲੀਆ ਦੀ ਸੇਵਾ-ਮੁਕਤੀ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਸਮਾਰੋਹ 'ਚ ਸਕੂਲ ਦੇ ਸਮੁੱਚੇ ਸਟਾਫ਼ ਤੋਂ ਇਲਾਵਾ ਰਿਸ਼ਤੇਦਾਰਾਂ ਅਤੇ ਹੋਰਨਾਂ ਪਤਵੰਤਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਪਿ੍ੰ. ਮਧੂ ਕਾਲੀਆ ਵਲੋਂ ਵਿੱਦਿਆ ਦੇ ਖੇਤਰ 'ਚ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ | ਜ਼ਿਕਰਯੋਗ ਹੈ ਕਿ ਮੈਡਮ ਮਧੂ ਕਾਲੀਆ ਦਾ ਸਿੱਖਿਆ ਦੇ ਖੇਤਰ 'ਚ ਲਗਭਗ 33 ਸਾਲਾਂ ਦਾ ਸੁਨਹਿਰੀ ਇਤਿਹਾਸ ਰਿਹਾ ਹੈ | ਇਸੇ ਦੌਰਾਨ ਆਪਣੇ ਅਧਿਆਪਨ ਸ਼ਫਰ ਦੇ ਤਜ਼ਰਬੇ ਸਾਂਝੇ ਕਰਦਿਆਂ ਮੈਡਮ ਮਧੂ ਕਾਲੀਆ ਨੇ ਕਿਹਾ ਕਿ ਉਨਾਂ ਦੇ ਸਾਥੀ ਅਧਿਆਪਕਾਂ ਵਲੋਂ ਉਨਾਂ ਨੂੰ ਦਿੱਤੇ ਗਏ ਸਹਿਯੋਗ ਲਈ ਉਹ ਸਾਰਿਆਂ ਦੇ ਸਦਾ ਦਿਲੋਂ ਰਿਣੀ ਰਹਿਣਗੇ | ਉਨਾਂ ਕਿਹਾ ਕਿ ਭਾਵੇਂ ਅੱਜ ਉਹ ਸੇਵਾ-ਮੁਕਤ ਹੋ ਰਹੇ ਹਨ, ਪਰ ਜ਼ਿੰਦਗੀ 'ਚ ਮਿਲੇ ਤਜ਼ਰਬੇ ਕਾਰਨ ਉਹ ਹਮੇਸ਼ਾ ਵਿਦਿਆਰਥੀਆਂ ਅਤੇ ਸਹਿਯੋਗੀ ਅਧਿਆਪਕਾਂ ਦੀ ਮਦਦ ਲਈ ਤੱਤਪਰ ਰਹਿਣਗੇ | ਉਨਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ 'ਚ ਵੀ ਸਿੱਖਿਆ ਦੇ ਖੇਤਰ 'ਚ ਸਰਗਰਮ ਰਹਿਣਗੇ ਅਤੇ ਸਮਾਜ ਦੀ ਭਲਾਈ ਲਈ ਬਣਦਾ ਯੋਗਦਾਨ ਪਾਉਂਦੇ ਰਹਿਣਗੇ | ਦੱਸਣਯੋਗ ਹੈ ਕਿ ਮੈਡਮ ਕਾਲੀਆ ਵਲੋਂ ਮੁੰਬਈ ਤੋਂ ਬੀ. ਐੱਡ. (ਡੈੱਫ) ਦੀ ਡਿਗਰੀ ਹਾਸਿਲ ਕੀਤੀ ਗਈ ਸੀ ਤਾਂ ਜੋ ਉਹ ਸੁਣਨ ਦੀ ਸ਼ਕਤੀ ਤੋਂ ਵਾਂਝੇ ਬੱਚਿਆਂ ਨੂੰ ਸਿੱਖਿਆ ਦੇ ਸਕਣ | ਉਨਾਂ ਜਲੰਧਰ ਦੇ ਵਕਾਰੀ ਸਕੂਲਾਂ 'ਚ ਲਗਭਗ 22 ਸਾਲਾਂ ਤੱਕ ਸੇਵਾਵਾਂ ਦਿੱਤੀਆਂ ਹਨ ਅਤੇ ਇਸ ਤੋਂ ਬਾਅਦ ਉਨਾਂ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਚੰਡੀਗੜ ਅਤੇ ਸਥਾਨਕ ਸਕੂਲਾਂ 'ਚ ਸੇਵਾ ਨਿਭਾਈ |