ਚੰਡੀਗੜ੍ਹ, 30 ਅਪ੍ਰੈਲ (ਮਾਰਕੰਡਾ)- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਵਿਖੇ 39ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਦੀ ਤੌਰ 'ਤੇ ਜਗਤ ਪ੍ਰਕਾਸ਼ ਨੱਢਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਭਾਰਤ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸ਼ਾਮਿਲ ਹੋਏ | ਜਿਨ੍ਹਾਂ ਨੇ ਸਮਾਰੋਹ ਦੌਰਾਨ 682 ਗ੍ਰੈਜੂਏਟਾਂ ਨੂੰ ਡਿਗਰੀਆਂ ਅਤੇ 95 ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ | ਡਾ.ਆਰ ਵਿਨੋਦ ਕੇ.ਪਾਲ ਸਾਬਕਾ ਮੈਂਬਰ ਨੀਤੀ ਆਯੋਗ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਰੋਹ ਦੌਰਾਨ 61 ਪੀ.ਐਚ.ਡੀ, 114 ਡੀ.ਐਮ, 67 ਐਮ.ਸੀ.ਐਚ, 323 ਐਮ.ਡੀ, 103 ਐਮ.ਐਮ ਅਤੇ 14 ਐਮ.ਡੀ.ਐਸ.ਗ੍ਰੈਜੂਏਟਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ | ਸੰਸਥਾਂ ਨੇ 95 ਮੈਡਲ ਪ੍ਰਦਾਨ ਕੀਤੇ | ਜਿਨ੍ਹਾਂ ਵਿਚ 18 ਗੋਲਡ, 37 ਸਿਲਵਰ ਅਤੇ 40 ਕਾਂਸੀ ਮੈਡਲ ਸ਼ਾਮਿਲ ਹਨ | ਭਾਰਤ ਦੇ ਸਿਹਤ ਸੰਭਾਲ ਵਾਤਾਵਰਨ ਪ੍ਰਣਾਲੀ ਵਿਚ ਪੀ.ਜੀ.ਆਈ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕੇਂਦਰੀ ਮੰਤਰੀ ਜੇ.ਪੀ ਨੱਢਾ ਨੇ ਕਿਹਾ ਕਿ ਪੀ.ਜੀ.ਆਈ ਡਾਕਟਰੀ ਸਿੱਖਿਆਂ, ਮਰੀਜ਼ਾਂ ਦੀ ਦੇਖਭਾਲ ਅਤੇ ਖੋਜ ਉਤਮਤਾ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ | 850 ਤੋਂ ਵੱਧ ਚੱਲ ਰਹੇ ਬਾਹਰੀ ਖੋਜ ਪ੍ਰੋਜੈਕਟਾਂ ਅਤੇ 100 ਤੋਂ ਵੱਧ ਅੰਦਰੂਨੀ ਪ੍ਰੋਜੈਕਟਾਂ ਦੇ ਨਾਲ ਸੰਸਥਾ ਨਵੀਨਤਾ ਵਿਗਿਆਨਕ ਪੁੱਛਗਿੱਛ ਅਤੇ ਸਬੂਤ ਆਧਾਰਤ ਦਵਾਈ ਦੇ ਇੱਕ ਮਜ਼ਬੂਤ ਸੱਭਿਆਚਾਰਕ ਨੂੰ ਦਰਸਾਉਂਦੀ ਹੈ | ਭਾਰਤ ਦੇ ਸਿਹਤ ਸੰਭਾਲ ਪਰਿਵਰਤਨ ਨੂੰ ਉਜਾਗਰ ਕਰਦੇ ਹੋਏ ਨੱਢਾ ਨੇ ਦੱਸਿਆ ਕਿ ਇੱਕ ਦਹਾਕਾ ਪਹਿਲਾਂ ਭਾਰਤ ਵਿਚ ਸਿਰਫ਼ 387 ਮੈਡੀਕਲ ਕਾਲਜ ਸਨ | ਜਿਨ੍ਹਾਂ ਦੀ ਗਿਣਤੀ ਅੱਜ 820 ਹੋ ਚੁੱਕੀ ਹੈ | ਅੰਡਰਗ੍ਰੈਜੂਏਟ ਮੈਡੀਕਲ ਸੀਟਾਂ 51000 ਤੋਂ ਵਧ ਕੇ 1 ਲੱਖ 26 ਹਜ਼ਾਰ ਹੋ ਗਈਆਂ ਹਨ | ਅਗਲੇ ਪੰਜ ਸਾਲਾ ਵਿਚ 75 ਹਜ਼ਾਰ ਹੋ ਯੂ.ਜੀ.ਅਤੇ ਪੀ.ਜੀ ਸੀਟਾਂ ਜੋੜਨ ਦਾ ਟੀਚਾ ਹੈ | ਪ੍ਰੋ.ਵਿਵੇਕ ਲਾਲ ਡਾਇਰੈਕਟਰ ਪੀ.ਜੀ.ਆਈ ਨੇ ਸੰਸਥਾ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ | ਸਮਾਰੋਹ ਦੀ ਸਮਾਪਤੀ ਦਾ ਪ੍ਰਸਤਾਵ ਪ੍ਰੋ. ਆਰ.ਕੇ.ਰਾਠੋ ਡੀਨ ਅਕਾਦਮਿਕ ਦੁਆਰ ਪੇਸ਼ ਕੀਤਾ ਗਿਆ |