ਜ਼ੀਰਕਪੁਰ, 30 ਅਪ੍ਰੈਲ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਦਿਆਲਪੁਰਾ ਰੋਡ 'ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ ਮਹਿਲਾ ਦੀ ਟਰੱਕ ਥੱਲੇ ਆਉਣ ਕਾਰਨ ਮੌਤ ਹੋ ਗਈ | ਇਹ ਘਟਨਾ ਗੁਦਾਮ ਦੇ ਅਹਾਤੇ ਦੇ ਅੰਦਰ ਵਾਪਰੀ, ਜਿੱਥੇ ਮਹਿਲਾ ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਕੁਚਲ ਦਿੱਤਾ | ਪੁਲਿਸ ਨੇ ਮੁਲਜ਼ਮ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਮੋਸੀਨ ਵਾਸੀ ਦਿਆਲਪੁਰਾ ਨੇ ਦੱਸਿਆ ਕਿ ਉਸਦੀ ਮਾਂ ਨੂਰ ਜਹਾਂ ਬੇਗਮ ਇਕ ਨਿੱਜੀ ਕੰਪਨੀ ਦੇ ਗੁਦਾਮ ਵਿਚ ਪੈਕਿੰਗ ਵਰਕਰ ਵਜੋਂ ਕੰਮ ਕਰਦੀ ਸੀ | ਉਹ 28 ਅਪ੍ਰੈਲ ਨੂੰ ਸਵੇਰੇ 9 ਵਜੇ ਦੇ ਕਰੀਬ ਕੰਮ ਲਈ ਨਿਕਲੀ ਸੀ | ਇਸ ਦੌਰਾਨ ਜਦੋਂ ਮੋਸੀਨ ਸਵੇਰੇ 11:30 ਵਜੇ ਆਪਣੀ ਮਾਂ ਤੋਂ ਘਰ ਦੀਆਂ ਚਾਬੀਆਂ ਲੈਣ ਲਈ ਗੁਦਾਮ ਪਹੁੰਚਿਆ ਤਾਂ ਉਹ ਗੇਟ 'ਤੇ ਖੜ੍ਹਾ ਸੀ | ਉਸੇ ਸਮੇਂ ਉਸ ਦੀ ਮਾਂ ਗੇਟ ਵੱਲ ਆ ਰਹੀ ਸੀ ਕਿ ਇਸ ਦੌਰਾਨ ਇਕ ਟਰੱਕ ਗੁਦਾਮ ਦੇ ਅੰਦਰ ਤੇਜ਼ੀ ਨਾਲ ਆਇਆ ਅਤੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਸ ਦੀ ਮਾਂ ਨੂੰ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਮਹਿਲਾ ਸੜਕ 'ਤੇ ਡਿੱਗ ਪਈ ਅਤੇ ਟਰੱਕ ਦਾ ਅਗਲਾ ਪਹੀਆ ਉਸ ਦੇ ਉੱਪਰੋਂ ਲੰਘ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ | ਉਸ ਨੇ ਦੱਸਿਆ ਕਿ ਉਸ ਨੇ ਮੌਕੇ 'ਤੇ ਟਰੱਕ ਦਾ ਨੰਬਰ ਨੋਟ ਕਰਦਿਆਂ ਡਰਾਈਵਰ ਦੀ ਪਛਾਣ ਕੇਹਰ ਸਿੰਘ ਵਜੋਂ ਕੀਤੀ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ | ਇਸ ਹਾਦਸੇ ਤੋਂ ਬਾਅਦ ਜਦੋਂ ਤੱਕ ਉਸਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਤਾਂ ਉਸ ਸਮੇਂ ਤੱਕ ਉਸਦੀ ਮਾਂ ਦੀ ਮੌਤ ਹੋ ਚੁੱਕੀ ਸੀ | ਪੁਲਿਸ ਅਨੁਸਾਰ ਮੁਲਜ਼ਮ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |