ਐੱਸ. ਏ. ਐੱਸ. ਨਗਰ, 10 ਮਈ (ਪ੍ਰੋ. ਅਵਤਾਰ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਮੁਹਾਲੀ ਡਾ. ਸੁਖਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਸ਼ੁਭਕਰਨ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਪਿੰਡ ਮੋਟੇਮਾਜਰਾ ਵਿਖੇ ਕਣਕ ਦੀ ਨਾੜ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾਉਣ ਲਈ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਜਸਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਤੂੜੀ ਬਣਾਉਣ ਤੋਂ ਬਾਅਦ ਕਣਕ ਦੀ ਰਹਿੰਦ-ਖੂੰਹਦ ਨੂੰ ਬੜੀ ਅਸਾਨੀ ਨਾਲ ਹੈਰੋਂ, ਕਲਟੀਵੇਟਰ ਜਾਂ ਉਲਟਾਵੇ ਹੱਲ ਨਾਲ ਖੇਤ 'ਚ ਮਿਲਾਇਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਐਨ. ਜੀ. ਟੀ. ਅਤੇ ਪ੍ਰਸ਼ਾਸਨ ਦੀ ਹਦਾਇਤਾਂ ਅਨੁਸਾਰ ਜਿਹੜਾ ਕਿਸਾਨ ਇਸ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦਾ ਹੈ, ਉਸ ਦੀ ਸੂਚਨਾ ਸੈਟੇਲਾਈਟ ਰਾਹੀਂ ਪ੍ਰਾਪਤ ਹੋ ਜਾਂਦੀ ਹੈ ਅਤੇ ਉਸ ਖ਼ਿਲਾਫ਼ ਚਲਾਨ, ਜੁਰਮਾਨਾ, ਫ਼ਰਦ 'ਚ ਅੰਦਰਾਜ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਬਾਅਦ ਡਾ. ਸੁੱਚਾ ਸਿੰਘ ਸਿੱਧੂ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਦੱਸਿਆ ਕਿ ਕਣਕ ਤੋਂ ਬਾਅਦ ਖਾਲੀ ਹੋਏ ਖੇਤਾਂ 'ਚ ਜੰਤਰ ਦੀ ਕਾਸ਼ਤ ਕਰਨ ਲਈ ਵਿਭਾਗ ਕੋਲ ਸਬਸਿਡੀ 'ਤੇ ਬੀਜ ਉਪਲੱਬਦ ਹੈ | ਇਸ ਤੋਂ ਇਲਾਵਾ ਵਿਭਾਗ ਵਲੋਂ ਮੂਗਫ਼ਲੀ ਦੇ ਪ੍ਰਦਰਸ਼ਨੀ ਪਲਾਂਟ ਬਿਜਵਾਏ ਜਾਣੇ ਹਨ ਅਤੇ ਚਾਹਵਾਨ ਕਿਸਾਨ ਵਿਭਾਗ ਨਾਲ ਤਾਲਮੇਲ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਵਿਭਾਗ ਕੋਲ 50 ਫ਼ੀਸਦੀ ਸਬਸਿਡੀ 'ਤੇ ਜਿਪਸਮ ਵੀ ਉਪਲੱਬਧ ਹੈ | ਇਸੇ ਦੌਰਾਨ ਦਿਵਿਆ ਖੇਤੀਬਾੜੀ ਉਪ ਨਿਰੀਖਕ ਨੇ ਹਾਜ਼ਰੀਨਾਂ ਨੂੰ ਦੱਸਿਆ ਕਿ ਝੋਨੇ ਦੀ ਬਜਾਏ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਆਪਣੇ ਆਪ ਨੂੰ ਵਿਭਾਗ ਕੋਲ ਰਜਿਸਟਰ ਕਰਵਾਉਣ ਕਿਉਂਕਿ ਵਿਭਾਗ ਵਲੋਂ 17,500 ਰੁ. ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ | ਇਸ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁ. ਪ੍ਰਤੀ ਏਕੜ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ |