ਡੇਰਾਬੱਸੀ, 10 ਮਈ (ਗੁਰਮੀਤ ਸਿੰਘ)- ਡੇਰਾਬੱਸੀ-ਮੁਬਾਰਿਕਪੁਰ ਤੋ ਹੁੰਦੇ ਹੋਏ ਰਾਮਗੜ੍ਹ ਤੱਕ ਸੜਕ ਉਸਾਰੀ ਦਾ ਕੰਮ ਸ਼ੁਰੂ ਹੋਏ ਕਈ ਮਹੀਨੇ ਬੀਤ ਚੁੱਕੇ ਹਨ ਪਰ ਸੜਕ ਨਾਲ ਜੁੜੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਪ੍ਰੇਸ਼ਾਨੀ ਘੱਟ ਹੋਣ ਦੀ ਥਾਂ ਹੋਰ ਵੱਧ ਗਈ ਹੈ | ਲੋਕਾਂ ਦਾ ਦੋਸ਼ ਹੈ ਕਿ ਠੇਕੇਦਾਰ ਇਕ ਦਿਨ ਕੰਮ ਕਰਵਾ ਕੇ ਮਜ਼ਦੂਰਾਂ ਨੂੰ ਗਾਇਬ ਕਰ ਦਿੰਦਾ ਹੈ ਜਿਸ ਕਾਰਨ ਸੜਕ ਦੀ ਉਸਾਰੀ ਨਿਯਮਿਤ ਢੰਗ ਨਾਲ ਨਹੀਂ ਚੱਲ ਰਹੀ | ਇਸ ਸੰਬੰਧੀ ਪਿੰਡ ਦਫ਼ਰਪੁਰ ਤੇ ਮੋਰਠੀਕਰੀ ਵਾਸੀਆਂ ਨੇ ਦੱਸਿਆ ਕਿ ਸੜਕ ਦੇ ਕਿਨਾਰੇ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ, ਮਜ਼ਦੂਰ ਇਕ ਦਿਨ ਕੰਮ ਕਰ ਕੇ ਗਾਇਬ ਹੋ ਗਏ | ਲੋਕਾਂ ਨੇ ਰੋਸ ਪ੍ਰਗਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਕਾਰੀ ਕੰਮ ਵਿਚ ਲਾਪਰਵਾਹੀ ਨੂੰ ਬਰਦਾਸ਼ਤ ਨਾ ਕਰਨ ਦਾ ਐਲਾਨ ਤਾਂ ਕੀਤਾ ਗਿਆ ਪਰ ਇਸ ਸੜਕ ਦੀ ਉਸਾਰੀ ਤੋਂ ਬਾਅਦ ਲਾਪਰਵਾਹੀ ਹੀ ਸਭ ਤੋਂ ਉੱਪਰ ਚੱਲ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ਠੇਕਾ ਲੋਕਾਂ ਦੀ ਸੁਵਿਧਾ ਲਈ ਦਿੱਤਾ ਗਿਆ ਸੀ ਤਾਂ ਕਿ ਟੁੱਟੀ ਹੋਈ ਸੜਕ ਤੋਂ ਰਾਹਤ ਮਿਲ ਸਕੇ ਪਰ ਦਿਖਾਈ ਇਹ ਦੇ ਰਿਹਾ ਹੈ ਕਿ ਕਰੋੜਾਂ ਦਾ ਫਾਇਦਾ ਠੇਕੇਦਾਰ ਨੂੰ ਪਹੁੰਚਾਉਣ ਲਈ ਇਹ ਕੰਮ ਚਲਾਇਆ ਜਾ ਰਿਹਾ ਹੈ | ਲੋਕਾਂ ਨੇ ਮੰਗ ਕੀਤੀ ਕਿ ਜੇਕਰ ਕੋਈ ਇਮਾਨਦਾਰ ਅਫ਼ਸਰ ਇਸ ਪ੍ਰਾਜੈਕਟ ਦੀ ਜਾਂਚ ਕਰੇ ਤਾਂ ਠੇਕੇਦਾਰ ਨਾਲ ਨਾਲ ਸੰਬੰਧਿਤ ਵਿਭਾਗ ਦੇ ਦਰਜਨਾਂ ਅਧਿਕਾਰੀਆਂ ਦੀ ਲਾਪਰਵਾਹੀ ਵੀ ਸਾਹਮਣੇ ਆ ਸਕਦੀ ਹੈ | ਸਥਾਨਕ ਲੋਕਾਂ ਨੇ ਕਿਹਾ ਕਿ ਡੇਰਾਬੱਸੀ (ਪੰਜਾਬ) ਹਰਿਆਣਾ (ਪਿੰਡ ਰਾਮਗੜ੍ਹ ਰਾਹੀਂ) ਜੋੜਨ ਵਾਲੀ ਇਸ ਸੜਕ 'ਤੇ ਰੋਜ਼ਾਨਾ ਹਜ਼ਾਰਾਂ ਵਾਹਨਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ ਪਰ ਬਣਾਈ ਜਾ ਰਹੀ ਸੜਕ ਦੀ ਕੁਆਲਟੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ | ਇਥੇ ਪਾਣੀ ਲੀਕ ਦੀ ਸੱਮਸਿਆ ਠੀਕ ਕਿਤੇ ਬਿਨਾਂ ਕੰਮ ਕੀਤਾ ਗਿਆ ਸੀ ਜੋ ਪਾਣੀ ਦੀ ਭੇਟ ਚੜ੍ਹ ਗਿਆ | ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਇਹ ਸਮੱਸਿਆ ਅਖਬਾਰਾਂ ਵਿਚ ਪ੍ਰਕਾਸ਼ਿਤ ਹੋ ਰਹੀ ਹੈ, ਪਰ ਜ਼ੀਰੋ ਟਾਲਰੈਂਸ ਦੀ ਨੀਤੀ ਦਾ ਹੋਕਾ ਦੇਣ ਵਾਲੀ ਸਰਕਾਰ ਵਲੋਂ ਇਸ ਪਾਸੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ | ਹੁਣ ਇਹ ਸਵਾਲ ਸਿਰਫ ਸਮੇਂ ਨੂੰ ਹੈ ਕਿ ਕਰੋੜਾਂ ਦੀ ਇਹ ਸੜਕ ਕਿੰਨੇ ਦਿਨ ਚਲਦੀ ਹੈ ਪਰ ਇਹ ਸਾਫ਼ ਹੈ ਕਿ ਲੋਕਾਂ ਦੀ ਪ੍ਰੇਸ਼ਾਨੀ, ਸੜਕ ਦੀ ਖਸਤਾ ਹਾਲਤ ਤੇ ਠੇਕੇਦਾਰ ਦੀ ਲਾਪਰਵਾਹੀ ਤੋਂ ਬਾਅਦ ਸਰਕਾਰ ਅਤੇ ਸੰਬੰਧਿਤ ਵਿਭਾਗ ਨੂੰ ਸਖ਼ਤ ਕਾਰਵਾਈ ਦੀ ਲੋੜ ਹੈ |