13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੈਕਟਰ-26 ਅਨਾਜ ਮੰਡੀ ਦੇ ਨਵੀਨੀਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਸਰਗਰਮ ਸੜਕਾਂ ਦੀ ਹੋਵੇਗੀ ਰੀਕਾਰਪੇਟਿੰਗ, ਨਿਕਾਸੀ ਪ੍ਰਬੰਧ ਵੀ ਸੁਧਰੇਗਾ <br/>

ਅਜੀਤ ਡੈਸਕ 18-05-2026
ਚੰਡੀਗੜ੍ਹ, 17 ਮਈ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਦੇ ਸੈਕਟਰ 26 ਸਥਿਤ ਅਨਾਜ ਮੰਡੀ 'ਚ ਲੰਮੇ ਸਮੇਂ ਤੋਂ ਚੱਲ ਰਹੀਆਂ ਟੁੱਟੀਆਂ ਸੜਕਾਂ ਅਤੇ ਪਾਣੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਕਦਮ ਤੇਜ਼ ਕਰ ਦਿੱਤੇ ਹਨ | ਇਸ ਸਬੰਧੀ ਮੁੱਖ ਇੰਜੀਨੀਅਰ ਸੀ.ਬੀ. ਓਝਾ ਨੇ ਅੱਜ ਮੰਡੀ ਖੇਤਰ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ | ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸੜਕਾਂ ਅਤੇ ਪਬਲਿਕ ਹੈਲਥ ਵਿੰਗ ਦੇ ਕਾਰਜਕਾਰੀ ਇੰਜੀਨੀਅਰਾਂ ਸਮੇਤ ਇੰਜੀਨੀਅਰਿੰਗ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ | ਮੁੱਖ ਇੰਜੀਨੀਅਰ ਸੀ.ਬੀ. ਓਝਾ ਨੇ ਕਾਰਜਕਾਰੀ ਇੰਜੀਨੀਅਰ (ਸੜਕਾਂ) ਨੂੰ ਮੰਡੀ ਦੀਆਂ ਸੜਕਾਂ ਦੀ ਰੀਕਾਰਪੇਟਿੰਗ ਜਲਦ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਮੰਡੀ ਵਿਚ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ ਅਤੇ ਵਪਾਰੀਆਂ ਤੇ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ | ਇਸ ਦੇ ਨਾਲ ਹੀ ਪਬਲਿਕ ਹੈਲਥ ਵਿੰਗ ਨੂੰ ਮੰਡੀ ਵਿਚ ਸਟਾਰਮ ਵਾਟਰ ਡਰੇਨੇਜ ਪ੍ਰਣਾਲੀ 'ਚ ਸੁਧਾਰ ਲਈ ਤੁਰੰਤ ਕੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ | ਮੌਜੂਦਾ ਸਮੇਂ ਇਲਾਕੇ 'ਚ ਜ਼ਮੀਨੀ ਨਿਕਾਸੀ ਲਾਈਨਾਂ ਰਾਹੀਂ ਮੀਂਹ ਦੇ ਪਾਣੀ ਦੀ ਨਿਕਾਸੀ ਕੀਤੀ ਜਾਂਦੀ ਹੈ, ਪਰ ਕੂੜਾ-ਕਰਕਟ, ਸਬਜ਼ੀਆਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਤੋਂ ਨਿਕਲਣ ਵਾਲੀ ਚਿਕਨਾਹਟ ਕਾਰਨ ਇਹ ਲਾਈਨਾਂ ਅਕਸਰ ਜਾਮ ਹੋ ਜਾਂਦੀਆਂ ਹਨ | ਇਸ ਕਾਰਨ ਮੀਂਹ ਦੇ ਦਿਨਾਂ ਵਿਚ ਪਾਣੀ ਖੜ੍ਹਾ ਰਹਿਣ ਅਤੇ ਗੰਦਗੀ ਫੈਲਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ | ਇਸ ਸਮੱਸਿਆ ਦੇ ਹੱਲ ਲਈ ਸੜਕਾਂ ਦੇ ਕਿਨਾਰਿਆਂ ਅਤੇ ਹੋਰ ਖੇਤਰਾਂ ਦੇ ਆਲੇ-ਦੁਆਲੇ ਆਰ.ਸੀ.ਸੀ./ਐਮ.ਐਸ. ਕਵਰ ਵਾਲੀਆਂ ਖੁੱਲ੍ਹੀਆਂ ਨਾਲੀਆਂ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ | ਨਾਲ ਹੀ, ਵੱਖ-ਵੱਖ ਥਾਵਾਂ 'ਤੇ ਕਲੇਕਟਿੰਗ ਪਿੱਟ ਵੀ ਬਣਾਏ ਜਾਣਗੇ, ਤਾਂ ਜੋ ਠੋਸ ਕੂੜਾ ਨਾਲੀਆਂ ਵਿਚ ਹੀ ਰੁਕ ਜਾਵੇ ਅਤੇ ਨਿਗਮ ਡਰੇਨੇਜ ਲਾਈਨਾਂ ਤੱਕ ਨਾ ਪਹੁੰਚੇ | ਸੜਕਾਂ ਦੀ ਢਲਾਣ ਵੀ ਇਨ੍ਹਾਂ ਨਾਲੀਆਂ ਵੱਲ ਰੱਖੀ ਜਾਵੇਗੀ, ਜਿਸ ਨਾਲ ਪਾਣੀ ਦੀ ਨਿਕਾਸੀ ਸੁਚਾਰੂ ਢੰਗ ਨਾਲ ਹੋ ਸਕੇਗੀ | ਪ੍ਰਸਤਾਵਿਤ ਡਰੇਨੇਜ ਨੈੱਟਵਰਕ ਦੀ ਕੁੱਲ ਲੰਬਾਈ ਕਰੀਬ 1700 ਮੀਟਰ ਹੋਵੇਗੀ ਅਤੇ ਇਸ ਪ੍ਰੋਜੈਕਟ 'ਤੇ ਲਗਭਗ 1.94 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ | ਮੁੱਖ ਇੰਜੀਨੀਅਰ ਸੀ.ਬੀ. ਓਝਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਸਾਰੇ ਵਿਕਾਸ ਕਾਰਜ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ ਤਾਂ ਜੋ ਅਨਾਜ ਮੰਡੀ ਖੇਤਰ ਵਿਚ ਸਫ਼ਾਈ, ਨਿਕਾਸੀ ਅਤੇ ਬੁਨਿਆਦੀ ਢਾਂਚੇ ਦੀ ਸਥਿਤੀ 'ਚ ਵੱਡਾ ਸੁਧਾਰ ਲਿਆਂਦਾ ਜਾ ਸਕੇ |

ਪਿਛਲੀ ਖ਼ਬਰ ਮਹਿਲਾਵਾਂ ਨੂੰ ਹੁਨਰ ਆਧਾਰਿਤ ਟ੍ਰੇਨਿੰਗ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸਮੇਂ ਦੀ ਮੁੱਖ ਲੋੜ–ਮੇਅਰ ਸੌਰਭ ਜੋ... ਅਗਲੀ ਖ਼ਬਰ ਚੰਡੀਗੜ੍ਹ ਸੈਕਟਰ 17 ਪਲਾਜ਼ਾ ਵਿਖੇ 'ਆਂਖੇਂ ਏਕ ਨਿਆਮਤ' ਨਾਟਕ ਦੀ ਪੇਸ਼ਕਾਰੀ ਦਰਸ਼ਕਾਂ ਨੇ ਮਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।