ਐੱਸ. ਏ. ਐੱਸ. ਨਗਰ, 18 ਮਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲਾ ਕਰਦਿਆਂ 'ਪੁਸਤਕ ਮੈਚਿੰਗ ਗ੍ਰਾਂਟ ਸਕੀਮ' ਦੀ ਸ਼ੁਰੂਆਤ ਕੀਤੀ ਗਈ ਹੈ | ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਦੱਸਿਆ ਕਿ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਹੇਠ ਇਸ ਸਕੀਮ ਤਹਿਤ ਜ਼ਿਲ੍ਹੇ ਦੀਆਂ ਸਮੂਹ ਪੇਂਡੂ ਲਾਇਬ੍ਰੇਰੀਆਂ, ਸਰਕਾਰੀ ਤੇ ਗ਼ੈਰ-ਸਰਕਾਰੀ ਵਿੱਦਿਅਕ ਸੰਸਥਾਵਾਂ ਨੂੰ ਮਿਆਰੀ ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਸ ਗ੍ਰਾਂਟ ਦੀ ਖ਼ਾਸੀਅਤ ਇਹ ਹੈ ਕਿ ਕੋਈ ਸੰਸਥਾ ਭਾਸ਼ਾ ਵਿਭਾਗ ਤੋਂ ਜਿੰਨੇ ਮੁੱਲ ਦੀਆਂ ਪੁਸਤਕਾਂ ਖ਼ਰੀਦੇਗੀ, ਉਨੇ ਹੀ ਮੁੱਲ ਦੀਆਂ ਵਾਧੂ ਕਿਤਾਬਾਂ ਵਿਭਾਗ ਵਲੋਂ ਮੈਚਿੰਗ ਗ੍ਰਾਂਟ ਅਧੀਨ ਬਿਲਕੁੱਲ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਪੁਸਤਕਾਂ ਪ੍ਰਾਪਤ ਕਰਨ ਲਈ ਚਾਹਵਾਨ ਪੇਂਡੂ ਲਾਇਬ੍ਰੇਰੀਆਂ ਪਿੰਡ ਦੇ ਸਰਪੰਚ ਤੋਂ ਤਸਦੀਕਸ਼ੁਦਾ ਬਿਨੈ-ਪੱਤਰ ਦੇ ਸਕਦੀਆਂ ਹਨ ਤੇ ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲਾਂ, ਕਾਲਜਾਂ ਤੇ ਹੋਰ ਅਦਾਰਿਆਂ ਦੇ ਮੁਖੀ ਆਪਣੀ ਅਧਿਕਾਰਤ ਮੋਹਰ ਤੇ ਹਸਤਾਖ਼ਰਾਂ ਸਮੇਤ ਲੈਟਰ-ਪੈਡ 'ਤੇ ਬਿਨੈ-ਪੱਤਰ ਦੇ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਸਤਕਾਂ ਨੂੰ ਖ਼ਰੀਦਣ ਤੇ ਸਕੀਮ ਸੰਬੰਧੀ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚੌਥੀ ਮੰਜ਼ਿਲ 'ਤੇ ਸਥਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ |