ਚੰਡੀਗੜ੍ਹ,18 ਮਈ (ਮਾਰਕੰਡਾ)- ਕਮਿਊਨਿਟੀ ਸੈਂਟਰ ਸੈਕਟਰ 19 ਚੰਡੀਗੜ੍ਹ ਵਿਖੇ ਦੂਜਾ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਖ਼ੂਨਦਾਨ ਕੀਤਾ ਜਦੋਂ ਕਿ ਹੋਰਾਂ ਵਿਅਕਤੀਆਂ ਨੇ ਸਮਾਜ ਸੇਵਾ ਦਾ ਸੰਦੇਸ਼ ਫੈਲਾਉਂਦੇ ਹੋਏ ਅੱਖਾਂ ਤੇ ਅੰਗ ਦਾਨ ਲਈ ਸਹਿਮਤੀ ਫਾਰਮ ਵੀ ਭਰੇ | ਉਦਘਾਟਨ ਤੋਂ ਬਾਅਦ ਰਾਜਪਾਲ ਕਟਾਰੀਆ ਨੇ ਕੈਂਪ ਦਾ ਦੌਰਾ ਕੀਤਾ ਤੇ ਖ਼ੂਨਦਾਨੀਆਂ ਤੇ ਡਾਕਟਰਾਂ ਦੀ ਟੀਮ ਨਾਲ ਮੁਲਾਕਾਤ ਕੀਤੀ | ਉਨ੍ਹਾਂ ਦੇ ਮਾਨਵਤਾਵਾਦੀ ਯਤਨਾਂ ਦੀ ਸ਼ਲਾਘਾ ਅਤੇ ਖ਼ੂਨ ਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਵੰਡੇ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਵਿਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਸੈਕਟਰ-16 ਅਤੇ ਸੈਕਟਰ-32 ਦੇ ਸਰਕਾਰੀ ਹਸਪਤਾਲ, ਮੋਹਾਲੀ ਦੇ ਸੋਹਾਣਾ ਹਸਪਤਾਲ ਤੇ ਪੰਚਕੂਲਾ ਸੈਕਟਰ-6 ਦੇ ਸਰਕਾਰੀ ਹਸਪਤਾਲ ਦੀਆਂ ਮੈਡੀਕਲ ਟੀਮਾਂ ਨੇ ਹਿੱਸਾ ਲਿਆ | ਇਸ ਦੌਰਾਨ ਪੀ.ਜੀ.ਆਈ. ਨੇ 73 ਯੂਨਿਟ, ਸੈਕਟਰ-32 ਹਸਪਤਾਲ ਨੇ 83 ਯੂਨਿਟ, ਸੈਕਟਰ-16 ਹਸਪਤਾਲ ਨੇ 57 ਯੂਨਿਟ, ਸੋਹਾਣਾ ਹਸਪਤਾਲ ਨੇ 41 ਯੂਨਿਟ ਤੇ ਪੰਚਕੂਲਾ ਹਸਪਤਾਲ ਨੇ 20 ਯੂਨਿਟ ਖ਼ੂਨ ਇਕੱਠਾ ਕੀਤਾ | ਇਸ ਤੋਂ ਇਲਾਵਾ 100 ਲੋਕਾਂ ਨੇ ਅੱਖਾਂ ਦੇ ਦਾਨ ਲਈ ਤੇ 15 ਲੋਕਾਂ ਨੇ ਅੰਗ ਦਾਨ ਲਈ ਅਰਜ਼ੀ ਦਿੱਤੀ | ਖ਼ੂਨਦਾਨ ਕੈਂਪ ਵਿਚ ਐਡੀਸ਼ਨਲ ਸਾਲਿਸਟਰ ਜਨਰਲ ਸੱਤਿਆ ਪਾਲ ਜੈਨ, ਸਾਬਕਾ ਸੰਸਦ ਮੈਂਬਰ ਕਿਰਨ ਖੇਰ, ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸਾਬਕਾ ਸੰਸਦ ਮੈਂਬਰ ਬੰਤੋ ਕਟਾਰੀਆ, ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ, ਮੇਅਰ ਸੌਰਭ ਜੋਸ਼ੀ, ਸੀਨੀਅਰ ਡਿਪਟੀ ਮੇਅਰ ਜਸਮਨਪ੍ਰੀਤ ਸਿੰਘ, ਡਿਪਟੀ ਮੇਅਰ ਸੁਮਨ ਸ਼ਰਮਾ, ਭਾਜਪਾ ਜਨਰਲ ਸਕੱਤਰ ਰਾਮਬੀਰ ਭੱਟੀ, ਸੰਜੀਵ ਰਾਣਾ, ਜੀ.ਬੀ ਰਿਐਲਿਟੀ ਚੇਅਰਮੈਨ ਗੁਰਿੰਦਰ ਸਿੰਘ ਭੱਟੀ, ਕਾਂਗਰਸ ਦੇ ਸੂਬਾ ਪ੍ਰਧਾਨ ਹਰਮਿੰਦਰ ਲੱਕੀ, ਆਪ ਚੰਡੀਗੜ੍ਹ ਦੇ ਪ੍ਰਧਾਨ ਵਿਜੇ ਪਾਲ ਅਤੇ ਹੋਰ ਬਹੁਤ ਸਾਰੇ ਪਤਵੰਤਿਆਂ ਨੇ ਹਿੱਸਾ ਲਿਆ |