ਲਾਲੜੂ, 18 ਮਈ (ਰਾਜਬੀਰ ਸਿੰਘ)- ਲਾਲੜੂ ਨਗਰ ਕੌਂਸਲ ਚੋਣਾਂ ਲਈ ਦਾਖ਼ਲ ਕੀਤੇ ਗਏ 131 ਨਾਮਜ਼ਦਗੀ ਪੱਤਰਾਂ ਦੀ ਜਾਂਚ ਦੌਰਾਨ 23 ਨਾਮਜ਼ਦਗੀਆਂ ਨੂੰ ਰੱਦ ਕਰ ਦਿੱਤਾ ਗਿਆ | ਇਸ ਦੇ ਚਲਦਿਆਂ ਵਾ. ਨੰ. 9 'ਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਿਨਾਂ ਕਿਸੇ ਵੋਟਿੰਗ ਦੇ ਜੇਤੂ ਬਣ ਗਿਆ ਕਿਉਂਕਿ ਤਿੰਨ ਪ੍ਰਮੁੱਖ ਪਾਰਟੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਸਮੇਤ ਮੁੱਖ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਹਾਲਾਂਕਿ ਕਵਰਿੰਗ ਉਮੀਦਵਾਰਾਂ ਵਲੋਂ ਆਪਣੀਆਂ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਮੰਗਲਵਾਰ ਨੂੰ ਅਧਿਕਾਰਤ ਐਲਾਨ ਕੀਤਾ ਜਾਵੇਗਾ | ਰੱਦ ਕੀਤੀਆਂ ਗਈਆਂ ਨਾਮਜ਼ਦਗੀਆਂ ਦੇ ਕਾਰਨ ਕਈ ਵਾਰਡ ਅਜਿਹੇ ਹਨ ਜਿੱਥੇ ਕਿ ਕਾਂਗਰਸ, ਅਕਾਲੀ ਦਲ ਜਾਂ ਭਾਜਪਾ ਹੁਣ ਮੁਕਾਬਲੇ 'ਚ ਨਹੀਂ ਹੈ | ਵਾ. ਨੰ. 5 'ਚ ਸਥਿਤੀ ਦਿਲਚਸਪ ਬਣੀ ਹੋਈ ਹੈ ਕਿਉਂਕਿ ਇਸ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ | ਦੋਵੇਂ ਆਪਣੇ ਆਪ ਨੂੰ ਪਾਰਟੀ ਦਾ ਅਧਿਕਾਰਤ ਉਮੀਦਵਾਰ ਹੋਣ ਦਾ ਦਾਅਵਾ ਕਰ ਰਹੇ ਹਨ ਜਿਸ 'ਚ ਅਨੀਤਾ ਰਾਣੀ ਪਤਨੀ ਪ੍ਰਮੋਦ ਰਾਣਾ ਤੇ ਰੀਨਾ ਪਤਨੀ ਜੀਵਨ ਰਾਣਾ ਸ਼ਾਮਿਲ ਹਨ | ਹੈਰਾਨੀ ਦੀ ਗੱਲ ਹੈ ਕਿ ਦੁਪਹਿਰ ਨੂੰ ਜਾਰੀ ਕੀਤੀ ਗਈ ਸੂਚੀ 'ਚ ਅਨੀਤਾ ਦਾ ਨਾਮਜ਼ਦਗੀ ਪੱਤਰ ਗ਼ਲਤ ਘੋਸ਼ਿਤ ਕੀਤਾ ਗਿਆ ਸੀ ਪਰ ਸ਼ਾਮ ਸਮੇਂ ਕਲੈਰੀਕਲ ਗ਼ਲਤੀ ਦਾ ਹਵਾਲਾ ਦਿੰਦਿਆਂ ਅਨੀਤਾ ਦਾ ਫਾਰਮ ਸਵੀਕਾਰ ਕਰ ਲਿਆ ਗਿਆ | ਇਸ ਤਰ੍ਹਾਂ ਜੇਕਰ ਦੋਵੇਂ ਉਮੀਦਵਾਰ ਮੰਗਲਵਾਰ ਨੂੰ ਆਪਣੇ ਨਾਂਅ ਵਾਪਸ ਨਾ ਲੈਣ 'ਤੇ ਜ਼ੋਰ ਦਿੰਦੇ ਹਨ ਤਾਂ ਸਮੱਸਿਆ ਪੈਦਾ ਹੋ ਸਕਦੀ ਹੈ | ਹਾਲਾਂਕਿ ਰਿਟਰਨਿੰਗ ਅਫ਼ਸਰ ਬੀਰਕਰਨ ਨੇ ਕਿਹਾ ਕਿ ਸਿਰਫ ਅਧਿਕਾਰਤ ਉਮੀਦਵਾਰ ਨੂੰ ਹੀ ਝਾੜੂ ਦਾ ਨਿਸ਼ਾਨ ਮਿਲੇਗਾ ਤੇ ਜੇਕਰ ਇਨ੍ਹਾਂ 'ਚੋਂ ਇਕ ਵਿਅਕਤੀ ਵਲੋਂ ਆਪਣਾ ਨਾਂਅ ਵਾਪਸ ਨਹੀਂ ਲਿਆ ਜਾਂਦਾ ਤਾਂ ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਮੰਨਿਆ ਜਾਵੇਗਾ | ਜਾਰੀ ਕੀਤੀ ਗਈ ਸੂਚੀ ਅਨੁਸਾਰ ਲਾਲੜੂ ਕੌਂਸਲ ਦੀ ਚੋਣ 'ਚ ਵਾਰਡ ਨੰ. 1 'ਚ ਦੋ ਨਾਮਜ਼ਦਗੀ ਪੇਪਰ ਰੱਦ ਕੀਤੇ ਗਏ, ਜਿਨ੍ਹਾਂ 'ਚੋਂ ਇਕ ਕਾਂਗਰਸ ਦੇ ਉਮੀਦਵਾਰ ਤੇ ਇਕ ਆਜ਼ਾਦ ਉਮੀਦਵਾਰ ਦਾ ਹੈ | ਵਾ. ਨੰ. 3 'ਚ ਨਾਮਜ਼ਦਗੀ ਪੇਪਰ ਰੱਦ ਹੋਣ ਵਾਲੇ ਦੋਵੇਂ ਉਮੀਦਵਾਰ ਕਾਂਗਰਸ ਦੇ ਹਨ ਜਦਕਿ ਵਾਰਡ ਨੰ. 4 'ਚ ਆਜ਼ਾਦ ਉਮੀਦਵਾਰ ਦਾ ਇਕ ਫਾਰਮ ਰੱਦ ਕੀਤਾ ਗਿਆ ਹੈ | ਇਸੇ ਤਰ੍ਹਾਂ ਵਾਰਡ ਨੰ. 7 'ਚ ਦੋ ਭਾਜਪਾ ਤੇ ਦੋ ਅਕਾਲੀ ਦਲ, ਵਾਰਡ ਨੰ. 9 'ਚ ਦੋ ਭਾਜਪਾ, ਇਕ ਕਾਂਗਰਸ ਤੇ ਇਕ ਅਕਾਲੀ ਦਲ ਦੇ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਕੀਤਾ ਗਿਆ ਹੈ ਤੇ ਅਜਿਹੇ 'ਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਿਨਾਂ ਮੁਕਾਬਲੇ ਚੁਣਿਆ ਜਾ ਸਕਦਾ ਹੈ | ਇਸੇ ਤਰ੍ਹਾਂ ਵਾਰਡ ਨੰ. 13 'ਚ ਇਕ ਆਜ਼ਾਦ ਤੇ ਇਕ ਕਾਂਗਰਸੀ, ਵਾਰਡ ਨੰ. 15 'ਚ ਦੋਵੇਂ ਕਾਂਗਰਸੀ, ਵਾਰਡ ਨੰ. 16 'ਚ ਇਕ ਭਾਜਪਾਈ ਤੇ ਦੋ ਅਕਾਲੀ ਦਲ ਜਦਕਿ ਵਾਰਡ ਨੰ. 17 'ਚ ਤਿੰਨੋਂ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਕੀਤੇ ਗਏ ਹਨ |