ਡੇਰਾਬੱਸੀ, 18 ਮਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਵਾਰਡ ਨੰ. 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਜੀਤ ਸਿੰਘ ਰੰਮੀ ਨੇ ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਰਾਜਨੀਤੀ ਵਿਚ ਕਿਸੇ ਨਿੱਜੀ ਸਵਾਰਥ ਜਾਂ ਅਹੁਦੇ ਦੀ ਲਾਲਸਾ ਲਈ ਨਹੀਂ ਆਏ, ਸਗੋਂ ਵਾਰਡ ਨੰ. 6 ਦੇ ਪਰਿਵਾਰਾਂ ਦੀ ਸੱਚੇ ਦਿਲੋਂ ਸੇਵਾ ਕਰਨ ਤੇ ਇਥੋਂ ਦੀਆਂ ਪੁਰਾਣੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਚੋਣ ਮੈਦਾਨ ਵਿਚ ਉਤਰੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਾਰਡ ਦੇ ਬਜ਼ੁਰਗਾਂ, ਮਹਿਲਾਵਾਂ ਤੇ ਨੌਜਵਾਨਾਂ ਵਲੋਂ ਘਰ-ਘਰ ਜਾ ਕੇ ਮਿਲ ਰਹੇ ਅਥਾਹ ਪਿਆਰ ਤੇ ਆਸ਼ੀਰਵਾਦ ਸਦਕਾ ਉਨ੍ਹਾਂ ਦੇ ਉਤਸ਼ਾਹ ਤੇ ਆਤਮ-ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ | ਆਪਣੇ ਚੋਣ ਦੌਰੇ ਦੌਰਾਨ ਵੋਟਰਾਂ ਸਾਹਮਣੇ ਭਵਿੱਖ ਦਾ ਰੋਡਮੈਪ ਰੱਖਦਿਆਂ ਰੰਮੀ ਨੇ ਬੇਹੱਦ ਦਿ੍ੜਤਾ ਨਾਲ ਆਖਿਆ ਕਿ ਉਨ੍ਹਾਂ ਦੇ ਵਾਰਡ ਦੇ ਨਿਵਾਸੀ ਪਿਛਲੇ ਲੰਮੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਪਰੇਸ਼ਾਨੀਆਂ ਝੱਲ ਰਹੇ ਹਨ ਪਰ ਉਹ ਵਾਅਦਾ ਕਰਦੇ ਹਨ ਕਿ ਚੋਣ ਜਿੱਤਣ ਤੋਂ ਬਾਅਦ ਵਾਰਡ ਦੀ ਨੁਹਾਰ ਬਦਲਣਾ ਹੀ ਉਨ੍ਹਾਂ ਦਾ ਇਕੋ-ਇਕ ਮੁੱਖ ਮਕਸਦ ਹੋਵੇਗਾ | ਉਨ੍ਹਾਂ ਕਿਹਾ ਕਿ ਵਾਰਡ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣਾ, ਗਲੀਆਂ-ਨਾਲੀਆਂ ਦਾ ਪੱਕਾ ਸੁਧਾਰ ਕਰਨਾ, ਸਟਰੀਟ ਲਾਈਟਾਂ ਦੀ ਵਿਵਸਥਾ ਨੂੰ ਦਰੁਸਤ ਕਰਨਾ ਤੇ ਸਫ਼ਾਈ ਪ੍ਰਬੰਧਾਂ ਨੂੰ ਆਧੁਨਿਕ ਲੀਹਾਂ 'ਤੇ ਲਿਆਉਣਾ ਉਨ੍ਹਾਂ ਦੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਹੋਵੇਗੀ | ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਨਤਾ ਵਲੋਂ ਮਿਲ ਰਿਹਾ ਇਹ ਵਿਸ਼ਵਾਸ ਹੀ ਉਨ੍ਹਾਂ ਦੀ ਅਸਲ ਤਾਕਤ ਹੈ ਅਤੇ ਉਹ ਇਸ ਵਿਸ਼ਵਾਸ ਨੂੰ ਕਦੇ ਟੁੱਟਣ ਨਹੀਂ ਦੇਣਗੇ |