ਡੇਰਾਬੱਸੀ, 18 ਮਈ (ਗੁਰਮੀਤ ਸਿੰਘ)- ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਡੇਰਾਬੱਸੀ ਸ਼ਹਿਰ 'ਚ ਆਦਰਸ਼ ਚੋਣ ਜ਼ਾਬਤੇ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਡੇਰਾਬੱਸੀ ਪ੍ਰਸ਼ਾਸਨ ਚੁੱਪੀ ਵੱਟੀ ਬੈਠਾ ਹੈ | ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਸ਼ਾਮਿਲ ਹਨ | ਨਿਯਮਾਂ ਦੀਆਂ ਧੱਜੀਆਂ ਨਗਰ ਕੌਂਸਲ ਦਫ਼ਤਰ ਸਮੇਤ ਤਹਿਸੀਲ ਕੰਪਲੈਕਸ ਨੇੜੇ ਜਮ ਕੇ ਉਡਾਈਆਂ ਜਾ ਰਹੀਆਂ ਹਨ | ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਤੇ ਚੋਣ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ | ਨਿਯਮਾਂ ਅਨੁਸਾਰ ਚੋਣ ਮੁਹਿੰਮ ਦੌਰਾਨ ਕਿਸੇ ਵੀ ਸਰਕਾਰੀ ਸੰਪਤੀ 'ਤੇ ਪ੍ਰਚਾਰ ਸਮੱਗਰੀ ਲਗਾਉਣ ਦੀ ਮਨਾਹੀ ਹੁੰਦੀ ਹੈ ਪਰ ਡੇਰਾਬੱਸੀ ਸਮੇਤ ਆਲੇ-ਦੁਆਲੇ ਦੇ ਖੇਤਰ ਦੀਆਂ ਸੜਕਾਂ, ਮੁੱਖ ਬਾਜ਼ਾਰ ਤੇ ਸਰਕਾਰੀ ਪਾਰਕ 'ਚ ਬਿਜਲੀ ਦੇ ਖੰਭੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਪੋਸਟਰਾਂ ਨਾਲ ਸਜੇ ਹੋਏ ਦਿਖਾਈ ਦੇ ਰਹੇ ਹਨ | ਇਸ ਉਲੰਘਣਾ ਨੂੰ ਲੈ ਕੇ ਲੋਕਾਂ ਤੇ ਵਿਰੋਧੀ ਪਾਰਟੀਆਂ ਵਲੋਂ 'ਆਪ' ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਜਾ ਰਹੀ ਹੈ | ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਚੁੱਪੀ ਸਪੱਸ਼ਟ ਕਰਦੀ ਹੈ ਕਿ ਰਾਜਸੀ ਦਬਾਅ ਹੇਠ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ | ਖੇਤਰ ਦੇ ਵਸਨੀਕਾਂ ਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਚੋਣ ਕਮਿਸ਼ਨ ਤੋਂ ਇਸ ਮਾਮਲੇ 'ਚ ਤੁਰੰਤ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ | ਉਨ੍ਹਾਂ ਸਰਕਾਰੀ ਖੰਭਿਆਂ 'ਤੇ ਲੱਗੇ ਹੋਰਡਿੰਗਜ਼ ਤੁਰੰਤ ਹਟਾਉਣ ਅਤੇ ਨਿਯਮ ਤੋੜਨ ਵਾਲੇ ਉਮੀਦਵਾਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਹੀ ਡਿਊਟੀ 'ਚ ਲਾਪ੍ਰਵਾਹੀ ਵਰਤਣ ਵਾਲੇ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ |