30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋਣ ਕਾਰਨ ਸਮਰਥਕਾਂ ਵਲੋਂ ਰੋਸ ਪ੍ਰਦਰਸ਼ਨ

ਨਾਮਜ਼ਦਗੀ ਪੇਪਰ ਰੱਦ ਹੋਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਆਪਣੇ ਸਮਰਥਕਾਂ ਸਮੇਤ ਡੇਰਾਬੱਸੀ ਦੇ ਐਸ. ਡੀ. ਐਮ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ | (ਸੱਜੇ) ਪਿੰਡ ਈਸਾਪੁਰ ਵਿਖੇ ਪਿੰਡ ਵਾਸੀ ਅਤੇ ਉਮੀਦਵਾਰ ਰੋਸ ਜ਼ਾਹਿਰ ਕਰਦੇ ਹੋਏ ਅਤੇ ਨਾਲ ਹਾਜ਼ਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ | ਤਸਵੀਰ : ਗੁਰਮੀਤ ਸਿੰਘ <br/> 19-05-2026
ਡੇਰਾਬੱਸੀ, 18 ਮਈ (ਗੁਰਮੀਤ ਸਿੰਘ)-ਸਥਾਨਕ ਵਾ. ਨੰ. 19 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕੁਲਵਿੰਦਰ ਕੌਰ ਪਤਨੀ ਜਸਪਾਲ ਸਿੰਘ ਪਾਲੀ ਅਤੇ ਅਕਾਲੀ ਦਲ ਦੀ ਉਮੀਦਵਾਰ ਬਲਵਿੰਦਰ ਕੌਰ ਦੇ ਨਾਮਜ਼ਦਗੀ ਪੇਪਰ ਰੱਦ ਹੋਣ 'ਤੇ ਐੱਸ. ਡੀ. ਐੱਮ. ਦਫ਼ਤਰ 'ਚ ਮਾਹੌਲ ਇਕਦਮ ਗਰਮਾ ਗਿਆ | ਇਸ ਮੌਕੇ ਕਾਂਗਰਸੀਆਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਤੇ ਸਮਰਥਕਾਂ ਨਾਲ ਮਿਲ ਕੇ ਹਲਕਾ ਵਿਧਾਇਕ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨਾਲ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਾ. ਨੰ. 19 ਤੋਂ 'ਆਪ' ਦੀ ਉਮੀਦਵਾਰ ਹਰਜੀਤ ਕੌਰ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਰਿਸ਼ਤੇਦਾਰ ਹੋਣ ਕਾਰਨ ਉਸ ਨੂੰ ਜ਼ਬਰਦਸਤੀ ਜਿਤਵਾਉਣ ਲਈ ਬਾਕੀ ਦੋ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਦਿੱਤੇ ਗਏ | ਇਸ ਮੌਕੇ ਕਾਂਗਰਸੀ ਅਤੇ ਅਕਾਲੀ ਉਮੀਦਵਾਰਾਂ ਨੇ ਕਿਹਾ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ 'ਆਪ' ਦੇ ਉਮੀਦਵਾਰ ਦੀ ਹਾਰ ਪੱਕੀ ਸੀ | ਪਿੰਡ ਈਸਾਪੁਰ ਵਿਖੇ ਰੋਸ ਪ੍ਰਦਰਸ਼ਨ ਕਰਦੇ ਕਾਂਗਰਸੀਆਂ ਨੇ ਐਲਾਨ ਕੀਤਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਚੋਣਾਂ ਦਾ ਬਾਈਕਾਟ ਕਰਨਗੇ ਅਤੇ ਅਦਾਲਤ ਰਾਹੀਂ ਆਪਣਾ ਹੱਕ ਲੈਣਗੇ | ਦੱਸਣਯੋਗ ਹੈ ਕਿ ਜਸਪਾਲ ਸਿੰਘ ਪਾਲੀ ਅਤੇ ਉਨ੍ਹਾਂ ਦੀ ਪਤਨੀ ਪਹਿਲਾਂ ਕਾਂਗਰਸ ਤੋਂ ਕੌਂਸਲਰ ਬਣੇ ਸਨ, ਪਰ ਬਾਅਦ 'ਚ ਉਹ 'ਆਪ' 'ਚ ਸ਼ਾਮਿਲ ਹੋ ਗਏ ਸਨ ਅਤੇ ਫਿਰ ਟਿਕਟ ਨਾ ਮਿਲਣ 'ਤੇ ਉਹ ਮੁੜ ਕਾਂਗਰਸ 'ਚ ਆ ਗਏ ਸਨ | ਕਾਂਗਰਸ ਵਲੋਂ ਉਨ੍ਹਾਂ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ | ਹੁਣ ਨਾਮਜ਼ਦਗੀ ਪੇਪਰ ਰੱਦ ਹੋਣ ਕਾਂਗਰਸ ਅਤੇ ਅਕਾਲੀ ਦਲ ਦੀ ਉਮੀਦਵਾਰ ਚੋਣ ਨਹੀਂ ਲੜ ਸਕਦੀ, ਜਿਸ ਨਾਲ ਵਾ. ਨੰ. 19 'ਚ ਸਿਰਫ਼ 'ਆਪ' ਦੀ ਉਮੀਦਵਾਰ ਹਰਜੀਤ ਕੌਰ ਇਕੱਲੀ ਰਹਿ ਗਈ ਹੈ, ਜੋ ਕਿ ਬਿਨਾਂ ਮੁਕਾਬਲੇ ਜਿੱਤਣ ਵਾਲੀ ਪਹਿਲੀ ਕੌਂਸਲਰ ਬਣਨ ਜਾ ਰਹੀ ਹੈ | ਦੇਰ ਸ਼ਾਮ ਕਾਂਗਰਸੀ ਅਤੇ ਅਕਾਲੀ ਉਮਦੀਵਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਇਨਸਾਫ਼ ਪ੍ਰਾਪਤ ਕਰਨ ਲਈ ਅਦਾਲਤ ਦਾ ਦਰਵਾਜ਼ਾ ਖੜ੍ਹਕਾਇਆ ਹੈ ਅਤੇ ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਹੈ | ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਕਤ ਵਾਰਡ 'ਚ ਵੋਟਾਂ ਪੈਂਦੀਆਂ ਹਨ ਜਾਂ 'ਆਪ' ਦੀ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਵਲੋਂ 'ਆਪ' ਉਮੀਦਵਾਰ ਡਾ. ਸੰਨੀ ਆਹਲੂਵਾਲੀਆ ਦੇ ਹੱਕ 'ਚ ਚੋਣ ਪ੍ਰਚਾਰ ਅਗਲੀ ਖ਼ਬਰ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋਣ ਕਾਰਨ ਸਮਰਥਕਾਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।