ਚੰਡੀਗੜ, 19 ਮਈ (ਪੋ੍ਰ. ਅਵਤਾਰ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ 2024 ਦੇ ਆਦੇਸ਼ ਅਨੁਸਾਰ ਪੁਨਰ ਸੁਰਜੀਤ ਹੋਇਆ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਹੈ ਅਤੇ ਇਸ ਦਾ ਸ਼ੁਰੂ ਤੋਂ ਹੀ ਇਹ ਮਕਸਦ ਰਿਹਾ ਹੈ ਕਿ ਸਾਰੇ ਪੰਥ ਨੂੰ ਨਾਲ ਲੈ ਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ 'ਤੇ ਸਾਂਝੀ ਲੜਾਈ ਲੜੀ ਜਾਵੇ | ਇਸ ਮੰਤਵ ਲਈ ਅਸੀਂ ਹਰ ਉਸ ਧੜੇ ਨਾਲ ਏਕਤਾ ਕਰਨ ਲਈ ਤਿਆਰ ਹਾਂ, ਜੋ ਆਪਣੇ ਅੰਦਰ ਪੰਥਕ ਦਰਦ ਰੱਖਦਾ ਹੋਵੇ | ਇਨ੍ਹ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਲੋਂ ਬਣਾਈ ਤਾਲਮੇਲ ਕਮੇਟੀ ਦੇ ਮੈਂਬਰ ਅਤੇ ਪਾਰਟੀ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪੰਥਕ ਏਕਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਦੀ ਪ੍ਰਾਪਤੀ ਲਈ ਹਰ ਸੰਭਵ ਕਦਮ ਚੁੱਕਣ ਲਈ ਤਿਆਰ ਹੈ | ਪਰ ਅਸਲੀ ਏਕਤਾ ਇਕਤਰਫ਼ਾ ਫੈਸਲਿਆਂ, ਜਨਤਕ ਪ੍ਰਦਰਸ਼ਨਾਂ ਜਾਂ ਇਸ ਉਮੀਦ ਨਾਲ ਨਹੀਂ ਕੀਤੀ ਜਾ ਸਕਦੀ ਕਿ ਤਜਰਬੇਕਾਰ ਪੰਥਕ ਧਿਰਾਂ ਪਹਿਲਾਂ ਤੋਂ ਤੈਅ ਕੀਤੇ ਏਜੰਡੇ ਨੂੰ ਸਿਰਫ਼ ਪ੍ਰਵਾਨਗੀ ਦੇਣ ਤੱਕ ਸੀਮਤ ਹੋ ਜਾਣ | ਗੰਭੀਰ ਪੰਥਕ ਏਕਤਾ ਲਈ ਸਮਝਦਾਰੀ, ਸਲਾਹ-ਮਸ਼ਵਰਾ ਅਤੇ ਸਮੂਹਿਕ ਲੀਡਰਸ਼ਿਪ ਦੇ ਆਦਰ ਦੀ ਲੋੜ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਪੰਥਕ ਏਕਤਾ ਦਾ ਮੁੱਦਈ ਸੀ, ਮੁੱਦਈ ਹੈ ਅਤੇ ਹਮੇਸ਼ਾ ਰਹੇਗਾ | ਸ. ਵਡਾਲਾ ਨੇ ਕਿਹਾ ਕਿ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਪਿਛਲੇ ਦਿਨੀਂ ਏਕਤਾ ਵਾਸਤੇ ਬਣ ਰਹੇ ਗੱਠਜੋੜ ਨੂੰ ਤੋੜਨ ਦੇ ਇੱਕਪਾਸੜ ਐਲਾਨ ਸਬੰਧੀ ਅਸੀਂ ਸੰਗਤ ਦੇ ਧਿਆਨ ਵਿਚ ਕੁਝ ਅਹਿਮ ਤੱਥ ਲਿਆਉਣਾ ਚਾਹੁੰਦੇ ਹਾਂ | ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਲ ਗੱਠਜੋੜ ਲਈ ਪਹਿਲ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਹੀ ਕੀਤੀ ਗਈ ਸੀ | ਅਸੀਂ ਪੰਥ ਅਤੇ ਪੰਜਾਬ ਦੀ ਬੇਹਤਰੀ ਲਈ ਸਾਂਝੇ ਏਜੰਡੇ 'ਤੇ ਗੱਠਜੋੜ ਕਰਨ ਦੀ ਇਸ ਪਹਿਲ ਦਾ ਸੁਹਿਰਦਤਾ ਨਾਲ ਸਵਾਗਤ ਕੀਤਾ ਅਤੇ ਇਸ ਮਕਸਦ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਸੀ | ਕਮੇਟੀ ਦੀਆਂ ਹੋਈਆਂ ਮੀਟਿੰਗਾਂ ਸੁਹਿਰਦ ਮਾਹੌਲ ਵਿਚ ਹੋਈਆਂ, ਆਪਸੀ ਸਹਿਮਤੀ ਨਾਲ ਕਨਵੀਨਰ ਚੁਣਿਆ ਗਿਆ ਅਤੇ ਕਈ ਮੁੱਦਿਆਂ 'ਤੇ ਸਕਾਰਾਤਮਕ ਗੱਲਬਾਤ ਵੀ ਅੱਗੇ ਵਧੀ |